ਐੱਸ.ਏ.ਐੱਸ. ਨਗਰ : ਅੱਜ ਸ਼ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਪਿਛਲੇ ਲੰਬੇ ਸਮੇੰ ਤੋਂ ਸ਼ੰਭੂ ਅਤੇ ਖਨੌਰੀ ਬਾਰਡਰ ਉੱਤੇ ਕਿਸਾਨੀ ਮੰਗਾਂ ਨੂੰ ਲੈਕੇ ਚੱਲ ਰਹੇ ਸ਼ੰਘਰਸ ਦੇ ਸਾਰਥਕ ਹੱਲ ਲਈ ਪੰਜਾਬ ਦੇ ਰਾਜਪਾਲ ਨੂੰ ਪੱਤਰ ਲਿਖਿਆ। ਉਨ੍ਹਾਂ ਆਖਿਆ ਕਿ ਕਈ ਮਹੀਨਿਆਂ ਤੋਂ ਬਾਰਡਰ ਉੱਪਰ ਡਟੇ ਕਿਸਾਨਾਂ ਨਾਲ ਸਰਕਾਰਾਂ ਵੱਲੋਂ ਦੇਸ਼ ਦੇ ਦੁਸ਼ਮਣਾਂ ਵਾਲਾ ਵਿਵਹਾਰ ਕੀਤਾ ਜਾ ਰਿਹਾ ਹੈ। ਪ੍ਰੋ. ਚੰਦੂਮਾਜਰਾ ਨੇ ਆਖਿਆ ਕਿ ਅੱਜ ਪ੍ਰਸ਼ਾਸਨ ਵੱਲੋੰ ਸ਼ਾਤਮਈ ਸ਼ੰਘਰਸ ਕਰ ਰਹੇ ਕਿਸਾਨਾਂ ਉੱਪਰ ਵਾਟਰ ਕੈਨਨ ਅਤੇ ਅੱਥਰੂ ਗੈਸ ਦੇ ਗੋਲੇ ਦਾਗ ਕੀਤਾ ਜਾ ਰਿਹਾ ਅੱਤਿਆਚਾਰ ਅਫ਼ਸੋਸਜਨਕ ਹੈ।
ਉਨ੍ਹਾਂ ਪੰਜਾਬ ਦੇ ਰਾਜਪਾਲ ਨੂੰ ਪੱਤਰ ਲਿਖਦਿਆਂ ਆਖਿਆ ਕਿ ਉਹ ਸੂਬੇ ਵਿੱਚ ਕੇਂਦਰ ਦੇ ਨੁਮਇੰਦੇ ਵਾਲੀ ਭੂਮਿਕਾ ਨਿਭਾਉਂਦਿਆੰ ਕਿਸਾਨਾਂ ਦੀਆਂ ਮੰਗਾਂ ਕੇਂਦਰ ਅੱਗੇ ਰੱਖ ਤੁਰੰਤ ਹੱਲ ਕਰਵਾਉਣ। ਪ੍ਰੋ. ਚੰਦੂਮਾਜਰਾ ਨੇ ਜਿਕਰ ਕਰਦਿਆਂ ਆਖਿਆ ਕਿ ਪਿਛਲੇ ਦਿਨਾਂ ਤੋਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ ਸ਼ੁਰੂ ਕੀਤੀ ਭੁੱਖ ਹੜ੍ਹਤਾਲ ਕਰਕੇ ਸਥਿਤੀ ਕਾਫ਼ੀ ਤਣਾਅਪੂਰਨ ਬਣੀ ਹੋਈ ਹੈ। ਜਿਸ ਕਰਕੇ ਪੰਜਾਬ ਦੇ ਗਵਰਨਰ ਨੂੰ ਕੇਂਦਰ ਸਰਕਾਰ ਨਾਲ ਰਾਬਤਾ ਕਰਕੇ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਕਰਵਾਉਣ ਲਈ ਆਪਣੀ ਪ੍ਰਭਾਵਸ਼ਾਲੀ ਭੂਮਿਕ ਨਿਭਾਉਣੀ ਚਾਹੀਦੀ ਹੈ।
ਇਸ ਮੌਕੇ ਪ੍ਰੋ. ਚੰਦੂਮਾਜਰਾ ਨੇ ਸੂਬਾ ਸਰਕਾਰ ਨੂੰ ਘੇਰਦਿਆਂ ਆਖਿਆ ਕਿ ਉਸ ਵੱਲੋਂ ਨਾ ਤਾਂ ਪੰਜਾਬ ਨਾਲ ਸੰਬੰਧਤ ਕਿਸਾਨਾਂ ਦੀਆਂ ਮੰਗਾਂ ਦਾ ਹੱਲ ਕੀਤਾ ਗਿਆ ਅਤੇ ਨਾ ਹੀ ਕੇਂਦਰ ਨਾਲ ਸੂਬੇ ਦੇ ਕਿਸਾਨਾਂ ਦੀ ਕੋਈ ਮੀਟਿੰਗ ਕਰਵਾ ਹੱਲ ਕਰਵਾਉਣ ਵਿੱਚ ਰੋਲ ਨਿਭਾਇਆ ਗਿਆ। ਉਨ੍ਹਾਂ ਪਿਛਲੇ ਕਿਸਾਨ ਅੰਦੋਲਨ ਮੌਕੇ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਸੂਬੇ ਦੇ ਕਿਸਾਨਾਂ ਨਾਲ ਨਿਭਾਈ ਅਹਿਮ ਭੂਮਿਕਾ ਦੀ ਸ਼ਲਾਘਾ ਕਰਦਿਆਂ ਆਖਿਆ ਕਿ ਇਸ ਬਾਰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੂਬੇ ਦੇ ਕਿਸਾਨਾਂ ਨਾਲ ਇੱਕ ਬਾਰ ਵੀ ਕੋਈ ਤਾਲਮੇਲ ਨਹੀਂ ਕੀਤਾ ਗਿਆ। ਸਗੋਂ ਉਲਟਾ ਕਿਸਾਨਾਂ ਉੱਪਰ ਪ੍ਰਾਸ਼ਸਨ ਜ਼ਰੀਏ ਦਬਾਅ ਪਾਕੇ ਅੰਦੋਲਨ ਨੂੰ ਤਾਰਪੀਡੋ ਕਰਨ ਦੇ ਯਤਨ ਕੀਤੇ ਗਏ। ਅਖੀਰ ‘ਚ ਉਨ੍ਹਾਂ ਪੰਜਾਬ ਦੇ ਰਾਜਪਾਲ ਨੂੰ ਅਪੀਲ ਕੀਤੀ ਕਿ ਉਹ ਤੁਰੰਤ ਅੱਗੇ ਆਕੇ ਜਲਦ ਤੋਂ ਜਲਦ ਕੇਂਦਰ ਅਤੇ ਕਿਸਾਨਾਂ ਨਾਲ ਤਾਲਮੇਲ ਕਰਕੇ ਕਿਸਾਨੀ ਮੰਗਾਂ ਨੂੰ ਨੇਪਰੇ ਚੜ੍ਹਾਉਣ।