ਜੀਰਕਪੁਰ : ਜੀਰਕਪੁਰ ਸ਼ਹਿਰ ਦੀਆਂ ਮੁੱਖ ਸੜਕਾਂ ਦੇ ਨਾਲ-ਨਾਲ ਸਰਵਿਸ ਰੋਡ ਤੇ ਲਗਾਤਾਰ ਵਧਦੇ ਜਾ ਰਹੇ ਕਬਜ਼ੇ ਲੋਕਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣਦੇ ਜਾ ਰਹੇ ਹਨ। ਨਗਰ ਕੌਂਸਲ ਅਧਿਕਾਰੀਆਂ ਦੀ ਅਣਗਹਿਲੀ ਕਾਰਨ ਇਹ ਸਮੱਸਿਆ ਗੰਭੀਰ ਹੁੰਦੀ ਜਾ ਰਹੀ ਹੈ। ਸਰਵਿਸ ਲੇਨ ਦੇ ਨਾਲ-ਨਾਲ ਫੁੱਟਪਾਥ ਵੀ ਪੂਰੀ ਤਰ੍ਹਾਂ ਕਬਜ਼ੇ ਦੀ ਲਪੇਟ 'ਚ ਹਨ। ਸ਼ਹਿਰ ਦੀ ਪਟਿਆਲਾ ਰੋਡ 'ਤੇ ਸਰਵਿਸ ਲੇਨ ਦੇ ਨਾਲ-ਨਾਲ ਫੁੱਟਪਾਥ ਤੇ ਵੀ ਨਾਜਾਇਜ਼ ਕਬਜ਼ੇ ਵਧਦੇ ਜਾ ਰਹੇ ਹਨ। ਪਰ ਪ੍ਰਸ਼ਾਸਨ ਇਨ੍ਹਾਂ ਕਬਜ਼ਿਆਂ ਨੂੰ ਹਟਾਉਣ ਦੀ ਥਾਂ ਕੁੰਭਕਰਨੀ ਨੀਂਦ ਸੁੱਤਾ ਹੈ। ਇਸ ਸੜਕ 'ਤੇ ਅਜ਼ੀਜਪੁਰ ਟੋਲ ਪਲਾਜ਼ਾ 'ਤੇ ਟੋਲ ਵਸੂਲ ਰਹੀ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਦੀ ਠੇਕੇਦਾਰ ਕੰਪਨੀ ਵੀ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਕਰ ਰਹੀ। ਇਨ੍ਹਾਂ ਕਬਜ਼ਿਆਂ ਨੂੰ ਹਟਾਉਣ ਲਈ ਇਲਾਕਾ ਨਿਵਾਸੀਆਂ ਨੇ ਕਈ ਵਾਰ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਸ਼ਿਕਾਇਤਾਂ ਕੀਤੀਆਂ ਹਨ। ਪਰ ਕਬਜ਼ਿਆਂ ਦੀ ਸਮੱਸਿਆ ਘੱਟਣ ਦੀ ਬਜਾਏ ਲਗਾਤਾਰ ਵਧਦੀ ਜਾ ਰਹੀ ਹੈ। ਸਰਵਿਸ ਲੇਨ ਦੇ ਨਾਲ ਸ਼ੈੱਡ, ਉੱਚੇ ਥੜ੍ਹੇ, ਪਾਈਪਾਂ, ਸਰੀਆ, ਟਾਇਰ, ਕਾਰਾਂ ਠੀਕ ਕਰਨ ਵਾਲੇ ਮਿਸਤਰੀ, ਮੋਟਰਸਾਈਕਲ ਠੀਕ ਕਰ ਕਰਨ ਵਾਲੇ, ਪੁਰਾਣੇ ਮੋਟਰਸਾਈਕਲ ਤੋਂ ਰੇਹੜੀਆਂ ਬਣਾਉਣ ਲੱਕੜਾਂ ਅਤੇ ਜੈਰਨੇਟਰ ਆਦਿ ਰੱਖ ਕੇ ਕੰਮ ਕਰਨ ਵਾਲੇ ਦੁਕਾਨਦਾਰਾਂ ਨੇ ਜਗ੍ਹਾ ਰੋਕ ਪੱਕੇ ਕਬਜ਼ੇ ਕੀਤੇ ਹੋਏ ਹਨ। ਕਬਜ਼ਾਧਾਰੀ ਇਸ ਸਰਕਾਰੀ ਜਗ੍ਹਾ ਨੂੰ ਆਪਣੀ ਨਿੱਜੀ ਜਾਇਦਾਦ ਸਮਝਣ ਲੱਗ ਪਏ ਹਨ। ਕਈ ਦੁਕਾਨਦਾਰਾਂ ਤੇ ਰੇਹੜ੍ਹੀ-ਫੜ੍ਹੀ ਵਾਲਿਆਂ ਨੇ ਤਾਂ ਪੈਦਲ ਚੱਲਣ ਲਈ ਵੀ ਜਗ੍ਹਾ ਨਹੀਂ ਛੱਡੀ ਹੋਈ। ਇਸ ਕਾਰਨ ਆਮ ਲੋਕਾਂ ਨੂੰ ਆਪਣੀ ਜਾਨ ਖ਼ਤਰੇ 'ਚ ਪਾ ਕੇ ਸੜਕਾਂ 'ਤੇ ਚੱਲਣਾ ਪੈਂਦਾ ਹੈ, ਕਈ ਵਾਰ ਲੋਕ ਸੜਕੀ ਹਾਦਸਿਆਂ ਦੀ ਲਪੇਟ 'ਚ ਆ ਜਾਂਦੇ ਹਨ। ਖਰੀਦਦਾਰੀ ਕਰਨ ਵਾਲੇ ਲੋਕ ਸੜਕ ਉੱਪਰ ਹੀ ਵਾਹਨ ਖੜ੍ਹੇ ਕਰ ਕੇ ਆਵਾਜਾਈ ਰੋਕ ਦਿੰਦੇ ਹਨ। ਜ਼ਿਕਰਯੋਗ ਹੈ ਕਿ ਇੱਥੇ ਸੜਕ ਹਾਦਸਿਆਂ 'ਚ ਕਈ ਮੌਤਾਂ ਵੀ ਹੋ ਚੁੱਕੀਆਂ ਹਨ। ਇਸ ਸੰਬੰਧੀ ਗੱਲ ਕਰਨ 'ਤੇ ਜ਼ੀਰਕਪੁਰ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਅਸ਼ੋਕ ਪਥਰੀਆਂ ਨੇ ਕਿਹਾ ਕਿ ਛੇਤੀ ਹੀ ਪੁਲਿਸ ਦਾ ਸਹਿਯੋਗ ਲੈ ਕਬਜ਼ੇ ਹਟਾਉਣ ਦੀ ਕਾਰਵਾਈ ਆਰੰਭੀ ਜਾਵੇਗੀ।