ਨਵੀਂ ਦਿੱਲੀ : ਟੀਮ ਇੰਡੀਆ ਨੂੰ ਅਗਲੇ ਮਹੀਨੇ 18 ਤੋਂ 22 ਜੂਨ ਦੇ ਦਰਮਿਆਨ ਇੰਗਲੈਂਡ ਵਰਲਡ ਟੈਸਟ ਚੈਂਪੀਅਨਸ਼ਿਪ ਦਾ ਫ਼ਾਈਨਲ ਖੇਡਣਾ ਹੈ। ਇਸ ਦੇ ਲਈ ਭਾਰਤੀ ਿਕਟ ਕੰਟਰੋਲ ਬੋਰਡ ਤਿਆਰੀਆਂ ਵਿੱਚ ਜੁੱਟ ਗਿਆ ਹੈ। ਬੋਰਡ ਨੇ ਸਾਰੇ ਖਿਡਾਰੀਆਂ ਨੂੰ ਮੁੰਬਈ ਵਿੱਚ ਬਾਇਓ ਬਬਲ ਵਿੱਚ ਐਂਟਰੀ ਕਰਨ ਨੂੰ ਕਿਹਾ ਹੈ। ਟੀਮ ਨੂੰ ਮੁੰਬਈ ਵਿੱਚ 2 ਹਫ਼ਤੇ ਸਖ਼ਤ ਕੁਆਰੰਟੀਨ ਵਿੱਚੋਂ ਲੰਘਣਾ ਹੋਵੇਗਾ। ਬੋਰਡ ਦੇ ਅਨੁਸਾਰ ਇਸ ਵਿੱਚ ਕਿਸੇ ਵੀ ਖਿਡਾਰੀ ਨੂੰ ਟ੍ਰੇਨਿੰਗ ਦੀ ਖੁੱਲ੍ਹ ਨਹੀਂ ਹੋਵੇਗੀ। ਅਜਿਹੇ ਵਿੱਚ ਬੀ.ਸੀ.ਸੀ.ਆਈ. ਇੰਗਲੈਂਡ ਿਕਟ ਬੋਰਡ ਤੋਂ ਲੰਡਨ ਪਹੁੰਚਣ ’ਤੇ ਕੁਆਰੰਟੀਨ ਨਿਯਮਾਂ ਵਿੱਚ ਥੋੜ੍ਹੀ ਢਿੱਲ ਦੇਣ ਦੀ ਮੰਗ ਕਰ ਰਿਹਾ ਹੈ।
ਬੀ.ਸੀ.ਸੀ.ਆਈ. ਦਾ ਕਹਿਣਾ ਹੈ ਕਿ ਜਦ ਖਿਡਾਰੀ ਭਾਰਤ ਵਿੱਚ ਸਖ਼ਤ ਕੁਆਰੰਟੀਨ ਦਾ ਪਾਲਣਾ ਕਰਨਗੇ ਤਾਂ ਇੰਗਲੈਂਡ ਵਿੱਚ ਥੋੜ੍ਹੀ ਢਿੱਲ ਮਿਲਣੀ ਚਾਹੀਦੀ ਹੈ ਤਾਂਕਿ ਉਹ ਅਭਿਆਸ ਕਰ ਸਕਣ। ਬੋਰਡ ਦੀ ਮੰਗ ਹੈ ਕਿ ਵਰਲਡ ਟੈਸਟ ਚੈਂਪੀਅਨਸ਼ਿਪ ਫ਼ਾਇਨਲ ਵਰਗੇ ਮਹੱਤਵਪੂਰਨ ਮੈਚ ਵਿੱਚ 10 ਦਿਨ ਪਹਿਲਾਂ ਖਿਡਾਰੀਆਂ ਨੂੰ ਅਭਿਆਸ ਦੀ ਪ੍ਰਵਾਨਗੀ ਦਿਤੀ ਜਾਵੇ। ਇਸ ਦੇ ਲਈ ਬੀ.ਸੀ.ਸੀ.ਆਈ. ਅਤੇ ਈ.ਸੀ.ਬੀ. ਦਰਮਿਆਨ ਗੱਲਬਾਤ ਜਾਰੀ ਰਹੇਗੀ।
ਜ਼ਿਕਰਯੋਗ ਹੈ ਕਿ ਭਾਰਤ ਵਿੱਚ ਕਰੋਨਾ ਦੀ ਦੂਸਰੀ ਲਹਿਰ ਤੋਂ ਬਾਅਦ ਯੂ.ਕੇ. ਸਰਕਾਰ ਨੇ ਭਾਰਤ ਨੂੰ ਰੈੱਡ ਲਿਸਟ ਵਿੱਚ ਪਾਇਆ ਹੋਇਆ ਸੀ। ਇਸ ਦਾ ਮਤਲਬ ਹੈ ਕਿ ਭਾਰਤ ਤੋਂ ਇੰਗਲੈਂਡ ਆਉਣ ਵਾਲੇ ਸਾਰੇ ਲੋਕਾਂ ਨੂੰ 14 ਦਿਨ ਦਾ ਸਖ਼ਤ ਕੁਆਰੰਟੀਨ ਵਿੱਚੋਂ ਲੰਘਣਾ ਹੋਵੇਗਾ। ਕੁਆਰੰਟੀਨ ਦੇ ਲਈ ਹੋਟਲ ਵੀ ਯੂ.ਕੇ. ਸਰਕਾਰ ਵੱਲੋਂ ਤੈਅ ਕੀਤਾ ਜਾਵੇਗਾ। ਆਈ.ਪੀ.ਐਲ. ਸਸਪੈਂਡ ਹੋਣ ਤੋਂ ਬਾਅਦ ਇੰਗਲੈਂਡ ਪਰਤੇ ਇੰਗਲਿਸ਼ ਖਿਡਾਰੀਆਂ ਨੂੰ ਵੀ ਇਸ ਦਾ ਪਾਲਣ ਕਰਨਾ ਪਿਆ ਸੀ।