ਡੇਰਾਬੱਸੀ : ਐਸ.ਡੀ.ਐਮ, ਡੇਰਾਬੱਸੀ, ਅਮਿਤ ਗੁਪਤਾ ਨੇ ਦੱਸਿਆ ਕਿ ਸੀ ਐਮ ਦੀ ਯੋਗਸ਼ਾਲਾ ਅਧੀਨ ਲੱਗਦੀਆਂ ਵੱਖ-ਵੱਖ ਯੋਗਸ਼ਾਲਾਵਾਂ ਸ਼ਹਿਰ ਵਾਸੀਆਂ ਲਈ ਭਰਪੂਰ ਲਾਹੇਵੰਦ ਸਿੱਧ ਹੋ ਰਹੀਆਂ ਹਨ। ਸੂਬਾ ਸਰਕਾਰ ਵੱਲੋਂ ਰਾਜ ਦੇ ਲੋਕਾਂ ਨੂੰ ਤੰਦਰੁਸਤ ਸਿਹਤ ਦੇਣ ਦੇ ਮਿਸ਼ਨ ਤਹਿਤ ਸ਼ੁਰੂ ਕੀਤੀ ਸੀ ਐੱਮ ਦੀ ਯੋਗਸ਼ਾਲਾ ਇੱਕ ਬਹੁਤ ਹੀ ਵਧੀਆ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਲਗਾਤਾਰ ਯੋਗਾ ਅਭਿਆਸ ਨਾਲ ਮਨੁੱਖ ਚਿੰਤਾ ਮੁਕਤ ਹੁੰਦਾ ਹੈ ਅਤੇ ਇਸ ਨਾਲ ਸਰੀਰ ਵਿੱਚ ਲਚਕਤਾ ਵੀ ਵਧਦੀ ਹੈ। ਉਨ੍ਹਾਂ ਨੇ ਦੱਸਿਆ ਕਿ ਯੋਗਾ ਟ੍ਰੇਨਰ ਬਬਿਤਾ ਰਾਣੀ ਵੱਲੋਂ ਡੇਰਾਬੱਸੀ ਵਿਖੇ ਰੋਜ਼ਾਨਾ 6 ਯੋਗਾ ਕਲਾਸਾਂ ਲਗਾਈਆ ਜਾ ਰਹੀਆਂ ਹਨ। ਉਨ੍ਹਾਂ ਵੱਲੋਂ ਪਹਿਲੀ ਕਲਾਸ ਗਿੱਲ ਕਾਲੋਨੀ ਵਿਖੇ ਸਵੇਰੇ 5.20 ਤੋਂ 6.20 ਵਜੇ ਤੱਕ, ਦੂਜੀ ਕਲਾਸ ਸ਼ਕਤੀ ਨਗਰ ਪਾਰਕ ਵਿਖੇ ਸਵੇਰੇ 6.30 ਤੋਂ 7.30 ਵਜੇ ਤੱਕ, ਤੀਜੀ ਕਲਾਸ ਅਨਾਜ ਮੰਡੀ ਗੁਰੂ ਅਗੰਦ ਦੇਵ ਜੀ ਗੁਰਦੁਆਰਾ ਵਿਖੇ ਸਵੇਰੇ 10.00 ਤੋਂ 11.00 ਵਜੇ ਤੱਕ, ਚੌਥੀ ਕਲਾਸ ਰਵੀਦਾਸ ਭਵਨ ਵਿਖੇ ਸਵੇਰੇ 11.05 ਤੋਂ 12.05 ਵਜੇ ਤੱਕ, ਪੰਜਵੀਂ ਕਲਾਸ ਫੋਰੈਸਟ ਪਾਰਕ ਵਿਖੇ ਦੁਪਿਹਰ 3.50 ਤੋਂ 4.50 ਵਜੇ ਤੱਕ ਛੇਵੀਂ ਅਤੇ ਆਖਰੀ ਕਲਾਸ ਜੈਨ ਸਥਾਨਕ ਵਿਖੇ ਸ਼ਾਮ 4.00 ਵਜੇ ਤੋਂ 5.00 ਵਜੇ ਤੱਕ ਲਾਈ ਜਾਂਦੀ ਹੈ।
ਯੋਗਾ ਟ੍ਰੇਨਰ ਬਬਿਤਾ ਰਾਣੀ ਦਾ ਕਹਿਣਾ ਹੈ ਕਿ ਯੋਗਾ ਅਭਿਆਸ ਦੇ ਮਨੁੱਖੀ ਸਰੀਰ ਨੂੰ ਬਹੁਤ ਫਾਇਦੇ ਹਨ। ਲਗਾਤਾਰ ਯੋਗਾ ਅਭਿਆਸ ਮਨੁੱਖ ਦੀ ਨੀਂਦ ਨੂੰ ਬਿਹਤਰ ਬਣਾਉਂਦਾ ਹੈ। ਇਸ ਦੇ ਲਗਾਤਾਰ ਅਭਿਆਸ ਕਰਨ ਨਾਲ ਨਾ ਸਿਰਫ਼ ਚੰਗੀ ਨੀਂਦ ਮਿਲਦੀ ਹੈ ਬਲਕਿ ਯੋਗਾ ਕਰਨ ਨਾਲ ਆਤਮ ਵਿਸ਼ਵਾਸ ਵੀ ਵਧਦਾ ਹੈ ਅਤੇ ਮਾਸ਼ਪੇਸ਼ੀਆਂ ਵਿੱਚ ਵਧੇਰੇ ਲਚਕਤਾ ਆਉਂਦੀ ਹੈ। ਇਸ ਲਈ ਲਗਾਤਾਰ ਯੋਗਾ ਅਭਿਆਸ ਕਰਨਾ ਸਰੀਰ ਲਈ ਹਰ ਤਰ੍ਹਾਂ ਲਾਹੇਵੰਦ ਹੁੰਦਾ ਹੈ। ਉਨ੍ਹਾਂ ਨੇ ਦੱਸਿਆ ਕਿ ਉਸਦੀਆਂ ਰੋਜ਼ਾਨਾ ਲੱਗਣ ਵਾਲੀਆ ਯੋਗਾ ਕਲਾਸਾਂ ਵਿੱਚ ਲੋਕ ਰੋਗ ਮੁਕਤੀ ਦੇ ਨਾਲ ਨਾਲ ਖੁਸ਼ਹਾਲ ਜੀਵਨ ਵੀ ਬਤੀਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਯੋਗਾ ਕਲਾਸ ਲਈ ਕੋਈ ਫ਼ੀਸ ਨਹੀਂ ਵਸੂਲੀ ਜਾਂਦੀ ਅਤੇ ਕੋਈ ਵੀ ਵਿਅਕਤੀ ਇਸ ਲਈ ਸੀ ਐਮ ਦੀ ਯੋਗਸ਼ਾਲਾ ਪੋਰਟਲ ’ਤੇ ਜਾ ਕੇ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦਾ ਹੈ। ਵਧੇਰੇ ਜਾਣਕਾਰੀ ਲਈ ਵੈਬਸਾਈਟ cmdiyogshala.punjab.gov.in ਤੋਂ ਇਲਾਵਾ ਇੱਕ ਸਮਰਪਿਤ ਹੈਲਪਲਾਈਨ ਨੰਬਰ 76694-00500 ਵੀ ਹੈ, ਜਿਸ ਤੇ ਸੰਪਰਕ ਕਰਕੇ ਉਹ ਲੋਕ ਜਿਨ੍ਹਾਂ ਨੇ ਅਜੇ ਸ਼ਾਮਲ ਹੋਣਾ ਹੈ, ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ।