ਨਗਰ ਕੌਂਸਲ ਦਾ ਠੇਕੇਦਾਰ ਟਿਊਬਵੈਲਾਂ ਦੀਆਂ ਤਾਰਾਂ ਬਦਲ ਬਦਲ ਕੇ ਅੱਕਿਆ
ਜੀਰਕਪੁਰ : ਅਣਪਛਾਤੇ ਚੋਰਾਂ ਵੱਲੋਂ ਜ਼ੀਰਕਪੁਰ ਨਗਰ ਕੌਂਸਲ ਦੀ ਹਦੂਦ ਅੰਦਰ ਪ੍ਰਸ਼ਾਸਨ ਵੱਲੋਂ ਲਗਾਏ ਪੀਣ ਵਾਲੇ ਪਾਣੀ ਦੇ ਟਿਊਬਵੈਲਾਂ ਦੀਆਂ ਬਿਜਲੀ ਦੀਆਂ ਕੇਬਲਾਂ ਕੱਟਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਬੀਤੇ ਕਰੀਬ ਇਕ ਮਹੀਨੇ ਦੌਰਾਨ ਅਣਪਛਾਤੇ ਚੋਰਾਂ ਵੱਲੋਂ ਜ਼ੀਰਕਪੁਰ ਨਗਰ ਕੌਂਸਲ ਦੀ ਹਦੂਦ ਅੰਦਰ ਲੱਗੇ ਅੱਧੀ ਦਰਜਨ ਤੋਂ ਵੱਧ ਸਰਕਾਰੀ ਟਿਊਬਵੈਲਾਂ ਦੀਆਂ ਕੇਬਲਾਂ ਕੱਟੀਆਂ ਜਾ ਚੁੱਕੀਆਂ ਹਨ ਜਿਸ ਕਾਰਨ ਜਿੱਥੇ ਸਰਕਾਰੀ ਟਿਊਬਲਾ ਦੀ ਰੱਖ ਰਖਾਵ ਲਈ ਰੱਖੇ ਠੇਕੇਦਾਰ ਨੂੰ ਭਾਰੀ ਮਾਲੀ ਨੁਕਸਾਨ ਦਾ ਸਾਹਮਣਾ ਕਰਨਾ ਪੈਂਦਾ ਹੈ ਉੱਥੇ ਸ਼ਹਿਰ ਵਾਸੀਆਂ ਨੂੰ ਵੀ ਪੀਣ ਵਾਲੇ ਪਾਣੀ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਹਾਸਲ ਜਾਣਕਾਰੀ ਅਨੁਸਾਰ ਅਣਪਛਾਤੇ ਚੋਰਾਂ ਵੱਲੋਂ ਬੀਤੇ ਚਾਰ ਦਿਨਾਂ ਦੌਰਾਨ ਗਾਜੀਪੁਰ ਢਕੋਲੀ, ਸਵਾਮੀ ਇਨਕਲੇਵ, ਵਿਸ਼ਰਾਂਤੀ ਸਿਟੀ ਅਤੇ ਲੋਹਗੜ ਖੇਤਰ ਵਿੱਚ ਲੱਗੇ ਸਰਕਾਰੀ ਟਿਊਬ ਵੈਲਾਂ ਦੀਆਂ ਬਿਜਲੀ ਦੀਆਂ ਕੇਬਲਾਂ ਚੋਰੀ ਕਰ ਲਈਆਂ ਹਨ। ਨਗਰ ਕੌਂਸਲ ਦੇ ਠੇਕੇਦਾਰ ਅਨੁਸਾਰ ਲੋਹਗੜ ਖੇਤਰ ਵਿੱਚ ਲਗਾਤਾਰ ਚੋਰਾਂ ਵੱਲੋਂ ਸਰਕਾਰੀ ਟਿਊਬਵੈਲਾਂ ਦੇ ਕਮਰਿਆਂ ਦੇ ਤਾਲੇ ਤੋੜ ਕੇ ਚੋਰੀ ਕੀਤੀ ਜਾ ਰਹੀ ਹੈ ਉਹਨਾਂ ਦੱਸਿਆ ਕਿ ਗਾਜੀਪੁਰ ਖੇਤਰ ਵਿੱਚ ਸਥਿਤ ਵਿਸ਼ਰਾਂਤੀ ਸਿਟੀ ਕਲੋਨੀ ਵਿੱਚ ਸਥਾਪਿਤ ਕੀਤੇ ਗਏ ਸਰਕਾਰੀ ਟਿਊਬਵੈਲ ਤੋਂ ਹਾਲੇ ਤੱਕ ਪਾਣੀ ਦੀ ਸਪਲਾਈ ਵੀ ਚਾਲੂ ਨਹੀਂ ਕੀਤੀ ਗਈ ਹੈ ਜਦ ਕਿ ਚੋਰਾਂ ਵੱਲੋਂ ਉਸ ਟਿਊਬਵੈਲ ਦੀਆਂ ਵੀ ਤਾਰਾਂ ਕੱਟ ਦਿੱਤੀਆਂ ਗਈਆਂ ਹਨ ਠੇਕੇਦਾਰ ਨੇ ਦੱਸਿਆ ਕਿ ਚੋਰਾਂ ਵੱਲੋਂ ਅਜਿਹੀ ਥਾਂ ਤੋਂ ਤਾਰਾਂ ਕੱਟੀਆਂ ਜਾਂਦੀਆਂ ਹਨ ਜਿਨਾਂ ਨੂੰ ਬਦਲਣ ਲਈ ਧਰਤੀ ਹੇਠਾਂ ਸੈਂਕੜੇ ਫੁੱਟ ਡੂੰਘੀ ਮੋਟਰ ਨੂੰ ਬਾਹਰ ਕੱਢਣਾ ਪੈਂਦਾ ਹੈ ਅਤੇ ਇਹਨਾਂ ਟਿਊਬਵੈਲਾਂ ਤੋਂ ਸਪਲਾਈ ਹੋਣ ਵਾਲੀਆਂ ਕਲੋਨੀਆਂ ਦੇ ਵਸਨੀਕਾਂ ਨੂੰ ਤੀਨ ਵਾਲੇ ਪਾਣੀ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਉਹਨਾਂ ਦੱਸਿਆ ਕਿ ਬਿਜਲੀ ਦੀਆਂ ਕੇਬਲਾਂ ਚੋਰੀ ਹੋਣ ਕਾਰਨ ਉਹਨਾਂ ਨੂੰ ਭਾਰੀ ਵਿੱਤੀ ਨੁਕਸਾਨ ਵੀ ਚੁੱਕਣਾ ਪੈ ਰਿਹਾ ਹੈ। ਜਿਕਰਯੋਗ ਹੈ ਕਿ ਚੋਰਾਂ ਵੱਲੋਂ ਇਸ ਤੋਂ ਪਹਿਲਾਂ ਵੀ ਅਕਾਲੀ ਕੌਰ ਸਿੰਘ ਕਲੋਨੀ ਫੇਸ ਇੱਕ ਅਤੇ ਫੇਸ ਦੋ ਵਿੱਚ ਲੱਗੇ ਪੀਣ ਵਾਲੇ ਪਾਣੀ ਦੇ ਟਿਊਬਵੈਲਾਂ ਦੇ ਤਾਲੇ ਤੋੜ ਕੇ ਕੇਬਲਾਂ ਚੋਰੀ ਕਰ ਲਈਆਂ ਗਈਆਂ ਸਨ ਜਿਸ ਕਾਰਨ ਕਰੀਬ ਅੱਧੀ ਦਰਜਨ ਕਲੋਨੀਆਂ ਦੇ ਸੈਂਕੜੇ ਵਸਨੀਕਾਂ ਨੂੰ ਦੋ ਦਿਨ ਤੱਕ ਪਾਣੀ ਦੀ ਸਮੱਸਿਆ ਨਾਲ ਜੂਝਣਾ ਪਿਆ ਸੀ ਅਤੇ ਕਲੋਨੀ ਦੀ ਵਸਨੀਕਾਂ ਨੂੰ ਆਪਣਾ ਪਾਣੀ ਸਬੰਧੀ ਡੰਗ ਸਾਰਨ ਲਈ ਮਹਿੰਗੇ ਭਾਅ ਦੇ ਪਾਣੀ ਦੇ ਟੈਂਕਰ ਮੰਗਵਾਉਣੇ ਪਏ ਸਨ। ਚੋਰਾਂ ਵੱਲੋਂ ਇਹਨਾਂ ਸਰਕਾਰੀ ਟਿਊਬਵੈਲਾਂ ਦੀਆਂ ਕੇਬਲਾਂ ਚੋਰੀ ਕਰਨ ਦੇ ਨਾਲ ਨਾਲ ਟਿਊਬਵੈਲਾਂ ਨੂੰ ਚਲਾਉਣ ਲਈ ਲੱਗੇ ਸਟਾਰਟਰਾ ਅਤੇ ਹੋਰ ਤਕਨੀਕੀ ਉਪਕਰਨਾ ਦੀ ਚੋਰੀ ਕਰਨ ਦੇ ਨਾਲ ਨਾਲ ਉਹਨਾਂ ਦਾ ਵੀ ਨੁਕਸਾਨ ਕੀਤਾ ਜਾਂਦਾ ਹੈ।ਹੈਰਾਨੀ ਦੀ ਗੱਲ ਹੈ ਕਿ ਚੋਰ ਲਾਜਪਤ ਨਗਰ ਵਿੱਚ ਲੱਗੇ ਸਰਕਾਰੀ ਟਿਊਬਵੈਲ ਨੂੰ ਚਲਾਉਣ ਵਾਲੇ ਬਿਜਲੀ ਦੇ ਪੈਨਲ ਨੂੰ ਹੀ ਚੁੱਕ ਕੇ ਲੈ ਗਏ ਸਨ। ਵਿਭਾਗ ਦੇ ਠੇਕੇਦਾਰ ਵੱਲੋਂ ਰੋਜ਼ਾਨਾ ਸਰਕਾਰੀ ਟਿਊਬਵੈਲਾਂ ਤੇ ਹੋਰ ਹੀ ਚੋਰੀ ਨੂੰ ਰੋਕਣ ਲਈ ਟਿਊਬ ਵੈਲਾਂ ਦੇ ਕਮਰਿਆਂ ਦੀਆਂ ਟੁਟੀਆਂ ਹੋਈਆਂ ਖਿੜਕੀਆਂ ਅਤੇ ਕਮਜ਼ੋਰ ਦਰਵਾਜਿਆਂ ਨੂੰ ਮਜਬੂਤ ਕਰਨ ਦੇ ਨਾਲ ਨਾਲ ਗੁਪਤ ਤਾਲੇ ਵੀ ਲਗਵਾਏ ਜਾ ਰਹੇ ਹਨ। ਠੇਕੇਦਾਰ ਨੇ ਦੱਸਿਆ ਕਿ ਖੇਤਰ ਵਿੱਚ ਹੋ ਰਹੀਆਂ ਲਗਾਤਾਰ ਚੋਰੀਆਂ ਸਬੰਧੀ ਉਸ ਵੱਲੋਂ ਵਿਭਾਗੀ ਅਫਸਰਾਂ ਨੂੰ ਜਾਣੂ ਕਰਵਾਉਣ ਦੇ ਨਾਲ ਨਾਲ ਉਹਨਾਂ ਨੂੰ ਲਿਖਤੀ ਰੂਪ ਵਿੱਚ ਵੀ ਸ਼ਿਕਾਇਤ ਦਿੱਤੀ ਜਾ ਚੁੱਕੀ ਹੈ ਤਾਂ ਜੋ ਵਿਭਾਗ ਵੱਲੋਂ ਕੋਈ ਠੋਸ ਕਾਰਵਾਈ ਕੀਤੀ ਜਾ ਸਕੇ। ਮਾਮਲੇ ਸਬੰਧੀ ਜ਼ੀਰਕਪੁਰ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਅਸ਼ੋਕ ਪੱਥਰੀਆ ਨੇ ਦੱਸਿਆ ਕਿ ਸਰਕਾਰੀ ਟਿਊਬਵੈਲਾਂ ਤੇ ਲਗਾਤਾਰ ਹੋ ਰਹੀਆਂ ਚੋਰੀਆਂ ਬਹੁਤ ਹੀ ਗੰਭੀਰ ਵਿਸ਼ਾ ਹੈ ਅਤੇ ਉਹਨਾਂ ਵੱਲੋਂ ਇਸ ਸਬੰਧੀ ਪੁਲਿਸ ਨੂੰ ਸੂਚਿਤ ਕੀਤਾ ਜਾ ਚੁੱਕਾ ਹੈ ਉਹਨਾਂ ਦੱਸਿਆ ਕਿ ਜੇਕਰ ਸੰਭਵ ਹੋਇਆ ਤਾਂ ਅੱਜ ਸੋਮਵਾਰ ਨੂੰ ਹੀ ਜੀਰਕਪੁਰ ਪੁਲਿਸ ਨੂੰ ਸਰਕਾਰੀ ਟਿਊਬਵੈਲਾਂ ਤੇ ਹੋ ਰਹੀਆਂ ਚੋਰੀਆਂ ਸਬੰਧੀ ਤਾਜ਼ਾ ਸ਼ਿਕਾਇਤ ਦੇਣ ਦੇ ਨਾਲ ਨਾਲ ਯਾਦ ਪੱਤਰ ਵੀ ਦਿੱਤਾ ਜਾਵੇਗਾ।