ਚੰਡੀਗੜ੍ਹ : ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਜੁੜੇ ‘ਮੀ ਟੂ’ ਮਾਮਲੇ ਵਿਚ ਧਰਨਾ ਲਾਉਣ ਦੀ ਧਮਕੀ ਦੇਣ ਵਾਲੀ ਮਹਿਲਾ ਕਮਿਸ਼ਨ ਦੀ ਪ੍ਰਧਾਨ ਮਨੀਸ਼ਾ ਗੁਲਾਟੀ ਹੁਣ ਅਪਣੇ ਬਿਆਨ ਤੋਂ ਪਲਟ ਗਏ ਹਨ। ਉਨ੍ਹਾਂ ਕਿਹਾ ਸੀ ਕਿ ਜੇ ਸਰਕਾਰ ਨੇ ਅੱਜ ਸੋਮਵਾਰ ਤਕ ਜਵਾਬ ਨਾ ਦਿਤਾ ਤਾਂ ਉਹ ਅੱਜ ਤੋਂ ਮਟਕਾ ਚੌਕ ’ਤੇ ਧਰਨਾ ਦੇਵੇਗੀ। ਅੱਜ ਜਦੋਂ ਪੱਤਰਕਾਰਾਂ ਨੇ ਉਨ੍ਹਾਂ ਨੂੰ ਇਹ ਧਮਕੀ ਯਾਦ ਕਰਵਾਈ ਤਾਂ ਉਨ੍ਹਾਂ ਕਿਹਾ ਕਿ ਇਹ ਗੱਲ ਔਰਤਾਂ ਨੂੰ ਹੱਲਾਸ਼ੇਰੀ ਦੇਣ ਲਈ ਕਹੀ ਸੀ ਤਾਕਿ ਉਹ ਔਰਤਾਂ ਨੂੰ ਇਨਸਾਫ਼ ਦਿਵਾਉਣ ਲਈ ਹੋਰ ਦਲੇਰੀ ਨਾਲ ਜੂਝਣ। ਉਨ੍ਹਾਂ ਇਹ ਵੀ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸਵੇਰੇ ਉਨ੍ਹਾਂ ਨੂੰ ਫੋਨ ਕਰਕੇ ਕਿਹਾ ਕਿ ਜਵਾਬ ਛੇਤੀ ਹੀ ਦੇ ਦਿਤਾ ਜਾਵੇਗਾ, ਜਿਸ ਕਾਰਨ ਉਨ੍ਹਾਂ ਨੂੰ ਹੁਣ ਧਰਨਾ ਲਾਉਣ ਦੀ ਕੋਈ ਲੋੜ ਨਹੀਂ। ਉਨ੍ਹਾਂ ਕਿਹਾ ਕਿ ਕੋਵਿਡ ਦੀ ਸਥਿਤੀ ਕਾਰਨ ਵੀ ਧਰਨਾ ਲਾਉਣਾ ਠੀਕ ਨਹੀਂ। ਜ਼ਿਕਰਯੋਗ ਹੈ ਕਿ ਮੀ ਟੂ ਮਾਮਲਾ ਤਿੰਨ ਸਾਲ ਪੁਰਾਣਾ ਹੈ। ਸਿਆਸੀ ਮਾਹਰਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਵਿਰੁਧ ਬੋਲਣ ਵਾਲੇ ਕੈਬਨਿਟ ਮੰਤਰੀ ਚੰਨੀ ਨੂੰ ਚੁੱਪ ਕਰਾਉਣ ਲਈ ਹੀ ਮਹਿਲਾ ਕਮਿਸ਼ਨ ਜ਼ਰੀਏ ਇਹ ਮਾਮਲਾ ਉਛਾਲਿਆ ਗਿਆ ਹੈ। ਜਦ ਇਹ ਗੱਲ ਮਨੀਸ਼ਾ ਗੁਲਾਟੀ ਨੂੰ ਪੁੱਛੀ ਗਈ ਤਾਂ ਉਨ੍ਹਾਂ ਕਿਹਾ ਕਿ ਮਹਿਲਾ ਕਮਿਸ਼ਨ ਖ਼ੁਦਮੁਖਤਾਰ ਸੰਸਥਾ ਹੈ ਅਤੇ ਇਸ ਦਾ ਸਿਆਸਤ ਨਾਲ ਕੋਈ ਸਬੰਧ ਨਹੀਂ। ਇਹ ਸਿਰਫ਼ ਔਰਤਾਂ ਨੂੰ ਇਨਸਾਫ਼ ਦਿਵਾਉਣ ਲਈ ਬਣਾਇਆ ਗਿਆ ਹੈ। ਚਰਜਨੀਤ ਸਿੰਘ ਚੰਨੀ ਵਿਰੁਧ ਮਹਿਲਾ ਆਈਏਐਸ ਅਫ਼ਸਰ ਨੂੰ ਗ਼ਲਤ ਐਸ.ਐਮ.ਐਸ. ਭੇਜਣ ਦਾ ਦੋਸ਼ ਸੀ ਅਤੇ ਉਦੋਂ ਮੁੱਖ ਮੰਤਰੀ ਵਲੋਂ ਦਖ਼ਲ ਦੇ ਕੇ ਇਹ ਮਾਮਲਾ ਸੁਲਝਾ ਲਿਆ ਗਿਆ ਸੀ।