ਚੰਡੀਗੜ੍ਹ : ਲੁਧਿਆਣਾ ਵਿਚ ਤੈਨਾਤ ਐਸਐਚਓ ਦੀ ਬੇਟੀ ਦੇ ਕੁਝ ਨੌਜਵਾਨਾਂ ਨੇ ਸ਼ਰੇਆਮ ਕਪੜੇ ਪਾੜ ਦਿਤੇ। ਇਹੋ ਨਹੀਂ, ਜਦ ਉਸ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਨੌਜਵਾਨਾਂ ਨੇ ਤਲਵਾਰਾਂ ਲੈ ਕੇ ਉਸ ਦਾ ਪਿੱਛਾ ਕੀਤਾ। ਪੁਲਿਸ ਨੇ ਛੇ ਜਣਿਆਂ ਵਿਰੁਧ ਸ਼ਿਕਾਇਤ ਦਰਜ ਕੀਤੀ ਹੈ। ਘਟਨਾ ਫ਼ਿਲੌਰ ਦੀ ਹੈ। ਕੁੜੀ ਅਪਣੇ ਪਿਤਾ ਦੇ ਘਰ ਰਹਿਣ ਆਈ ਸੀ। ਬੀਤੇ ਦਿਨ ਉਸ ਦੀ ਬੇਟੀ ਦੀ ਤਬੀਅਤ ਖ਼ਰਾਬ ਹੋ ਗਈ ਅਤੇ ਉਹ ਅਪਣੇ ਰਿਸ਼ਤੇ ਵਿਚ ਲਗਦੇ ਭਰਾ ਦੇ ਨਾਲ ਅੱਠ ਮਹੀਨੇ ਦੀ ਬੱਚੀ ਨੂੰ ਫ਼ਿਲੌਰ ਵਿਚ ਡਾਕਟਰ ਕੋਲ ਲੈ ਗਈ ਸੀ। ਜਦ ਉਹ ਸ਼ਾਮ ਨੂੰ ਗੰਨਾ ਪਿੰਡ ਵਲ ਜਾ ਰਹੇ ਸਨ ਤਾਂ ਉਨ੍ਹਾਂ ਦੇ ਪਿੰਡ ਦੇ ਕੁਝ ਨੌਜਵਾਨਾਂ ਨੇ ਉਨ੍ਹਾਂ ਨੂੰ ਰਸਤੇ ਵਿਚ ਰੋਕ ਲਿਆ। ਜਦ ਉਸ ਨੇ ਰੋਕਣ ਦਾ ਕਾਰਨ ਪੁਛਿਆ ਤਾਂ ਉਨ੍ਹਾਂ ਔਰਤ ਦੀ ਕੁਟਮਾਰ ਸ਼ੁਰੂ ਕਰ ਦਿਤੀ। ਨੌਜਵਾਨਾਂ ਨੇ ਇਸ ਦੌਰਾਨ ਔਰਤ ਦੇ ਕਪੜੇ ਪਾੜ ਦਿਤੇ। ਗੋਦ ਵਿਚ ਬੱਚੀ ਨੂੰ ਲੈ ਕੇ ਜਦ ਉਹ ਭਰਾ ਨਾਲ ਪਿੰਡ ਵੱਲ ਭੱਜੀ ਤਾਂ ਨੌਜਵਾਨਾਂ ਨੇ ਹੱਥਾਂ ਵਿਚ ਤਲਵਾਰਾਂ ਲੈ ਕੇ ਉਸ ਦਾ ਪਿੱਛਾ ਕੀਤਾ। ਉਸ ’ਤੇ ਇੱਟਾਂ ਸੁੱਟੀਆਂ ਜਿਸ ਕਾਰਨ ਰਸਤੇ ਵਿਚ ਖੜੀ ਕਾਰ ਦੇ ਸ਼ੀਸ਼ੇ ਵੀ ਟੁੱਟ ਗਏ। ਪੁਲਿਸ ਨੇ ਜਾਨਲੇਵਾ ਹਮਲਾ ਕਰਨ ਦੇ ਦੋਸ਼ ਹੇਠ ਗੋਪਾ, ਲਵ ਅਤੇ ਉਸ ਦੇ ਚਾਰ ਸਾਥੀਆਂ ਵਿਰੁਧ ਮਾਮਲਾ ਦਰਜ ਕਰ ਲਿਆ ਹੈ।