ਅੱਜ ਦਾ ਯੁਗ ਮਹਿਲਾਵਾਂ ਦੇ ਹੱਕ ਅਤੇ ਸਮਾਨਤਾ ਦੀ ਗੱਲ ਕਰਦਾ ਹੈ। ਅੰਤਰਰਾਸ਼ਟਰੀ ਮਹਿਲਾ ਦਿਵਸ ਹਰ ਸਾਲ 8 ਮਾਰਚ ਨੂੰ ਮਨਾਇਆ ਜਾਂਦਾ ਹੈ, ਜੋ ਕਿ ਸਿਰਫ਼ ਇੱਕ ਦਿਨ ਮਹਿਲਾਵਾਂ ਦੇ ਹੱਕ ਅਤੇ ਸਮਾਨਤਾ ਨੂੰ ਉਤਸ਼ਾਹਿਤ ਕਰਨ ਲਈ ਨਹੀਂ, ਬਲਕਿ ਮਹਿਲਾਵਾਂ ਦੇ ਹੱਕਾਂ, ਉਨ੍ਹਾਂ ਦੀ ਸਫ਼ਲਤਾ, ਅਤੇ ਆਉਣ ਵਾਲੀਆਂ ਚੁਣੌਤੀਆਂ ਬਾਰੇ ਵਿਚਾਰ ਕਰਨ ਦਾ ਇੱਕ ਵੱਡਾ ਮੌਕਾ ਹੈ। ਇਹ ਦਿਨ ਮਹਿਲਾਵਾਂ ਦੀ ਹਿੰਮਤ, ਉਨ੍ਹਾਂ ਦੀ ਮੇਹਨਤ ਅਤੇ ਉਹਨਾਂ ਦੀ ਯੋਗਤਾ ਨੂੰ ਮਨਾਉਂਦਾ ਹੈ, ਜੋ ਕਿ ਅੱਜ ਦੇ ਯੁਗ ਵਿੱਚ ਹਰ ਖੇਤਰ ਵਿੱਚ ਆਪਣਾ ਲੋਹਾ ਮਨਵਾ ਰਹੀਆਂ ਹਨ। ਮਹਿਲਾ ਦਿਵਸ ਦੀ ਸ਼ੁਰੂਆਤ 20ਵੀਂ ਸਦੀ ਦੀ ਸ਼ੁਰੂਆਤ ਵਿੱਚ ਹੋਈ, ਜਦੋਂ 1908 ਵਿੱਚ ਨਿਊਯਾਰਕ ਦੀਆਂ 15,000 ਮਜ਼ਦੂਰ ਮਹਿਲਾਵਾਂ ਨੇ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕੀਤੀ। ਉਹਨਾਂ ਨੇ ਕੰਮ ਦੇ ਘੰਟਿਆਂ ਵਿੱਚ ਕਮੀ, ਵਾਜਬ ਤਨਖ਼ਾਹ ਅਤੇ ਵੋਟਿੰਗ ਦੇ ਅਧਿਕਾਰ ਦੀ ਮੰਗ ਕੀਤੀ। ਸਾਲ 1910 ਵਿੱਚ, ਜਰਮਨੀ ਦੀ ਮਸ਼ਹੂਰ ਸਮਾਜਿਕ ਕ੍ਰਾਂਤੀਕਾਰੀ ਨੇਤਾ ਕਲਾਰਾ ਜ਼ੇਟਕਿਨ ਨੇ ਵਿਸ਼ਵ ਪੱਧਰੀ ਮਹਿਲਾ ਦਿਵਸ ਮਨਾਉਣ ਦੀ ਪੇਸ਼ਕਸ਼ ਕੀਤੀ, ਜਿਸ ਨੂੰ 1911 ਵਿੱਚ 17 ਦੇਸ਼ਾਂ ਨੇ ਮਨਾਇਆ। ਆਖ਼ਰਕਾਰ, 1977 ਵਿੱਚ ਸੰਯੁਕਤ ਰਾਸ਼ਟਰ ਨੇ 8 ਮਾਰਚ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਵਜੋਂ ਮਾਨਤਾ ਦਿੱਤੀ।
ਅੱਜ ਭਾਵੇਂ ਮਹਿਲਾਵਾਂ ਨੇ ਹਰ ਖੇਤਰ ਵਿੱਚ ਉੱਤਮ ਪ੍ਰਦਰਸ਼ਨ ਕੀਤਾ ਹੈ, ਪਰ ਇਹ ਸਫ਼ਰ ਆਸਾਨ ਨਹੀਂ ਰਿਹਾ। ਪੁਰਸ਼ ਪ੍ਰਧਾਨ ਸਮਾਜ ਨੇ ਹਮੇਸ਼ਾ ਮਹਿਲਾਵਾਂ ਨੂੰ ਘੱਟ ਸਮਝਿਆ। ਸਦੀਆਂ ਤੱਕ ਉਹ ਸਿਰਫ਼ ਘਰ ਦੀ ਚਾਰ ਦਿਵਾਰੀ ਵਿੱਚ ਸਿਮਟ ਕੇ ਰਹੀਆਂ। ਵਿਦਿਆ, ਰੋਜ਼ਗਾਰ, ਰਾਜਨੀਤੀ, ਵਿਗਿਆਨ, ਖੇਡਾਂ, ਫ਼ੌਜ ਅਤੇ ਹੋਰ ਖੇਤਰਾਂ ਵਿੱਚ ਮਹਿਲਾਵਾਂ ਦੀ ਸ਼ਮੂਲੀਅਤ ਬਹੁਤ ਘੱਟ ਰਹੀ। ਪਰ, ਉਨ੍ਹਾਂ ਨੇ ਆਪਣੀ ਮੇਹਨਤ, ਹਿੰਮਤ ਅਤੇ ਸਹਿਣਸ਼ੀਲਤਾ ਨਾਲ ਸਾਬਤ ਕਰ ਦਿੱਤਾ ਕਿ ਉਹ ਕਿਸੇ ਵੀ ਮੈਦਾਨ ਵਿੱਚ ਪੁਰਸ਼ਾਂ ਤੋਂ ਘੱਟ ਨਹੀਂ ਹਨ। ਪੜ੍ਹਾਈ-ਲਿਖਾਈ ਨੇ ਮਹਿਲਾਵਾਂ ਨੂੰ ਆਪਣਾ ਹੱਕ ਸਮਝਣ ਦੀ ਤਾਕਤ ਦਿੱਤੀ। ਪਿਛਲੇ ਕੁਝ ਦਹਾਕਿਆਂ ਵਿੱਚ, ਵਿਦਿਆ ਦੇ ਖੇਤਰ ਵਿੱਚ ਮਹਿਲਾਵਾਂ ਨੇ ਵੱਡੀ ਤਰੱਕੀ ਕੀਤੀ ਹੈ। ਹੁਣ ਉਹ ਡਾਕਟਰ, ਇੰਜੀਨੀਅਰ, ਵਿਗਿਆਨੀ, ਅਧਿਆਪਕ, ਉੱਤੇਲੇ ਅਫ਼ਸਰ, ਨੌਕਰੀਪੇਸ਼ਾ ਅਤੇ ਉਦਯੋਗਪਤੀ ਬਣ ਰਹੀਆਂ ਹਨ। ਮਹਿਲਾਵਾਂ ਦੀ ਤਰੱਕੀ ਦੇ ਬਾਵਜੂਦ, ਅਜੇ ਵੀ ਉਹਨਾਂ ਨੂੰ ਕਈ ਥਾਵਾਂ ‘ਤੇ ਪੱਛੜਿਆ ਸਮਝਿਆ ਜਾਂਦਾ ਹੈ। ਉਨ੍ਹਾਂ ਦੀ ਤਨਖਾਹ ਅਜੇ ਵੀ ਪੁਰਸ਼ਾਂ ਤੋਂ ਘੱਟ ਹੁੰਦੀ ਹੈ, ਉਨ੍ਹਾਂ ਨੂੰ ਅਗੇ ਵਧਣ ਲਈ ਹੋਰ ਵੱਧ ਮਿਹਨਤ ਕਰਨੀ ਪੈਂਦੀ ਹੈ।
ਰਾਜਨੀਤੀ ਵਿੱਚ ਮਹਿਲਾਵਾਂ ਦੀ ਭੂਮਿਕਾ ਹੌਲੀ-ਹੌਲੀ ਵਧ ਰਹੀ ਹੈ। ਭਾਰਤ ਵਿੱਚ ਇੰਦਰਾ ਗਾਂਧੀ, ਸ਼ੁਸ਼ਮਾ ਸਵਰਾਜ ਅਤੇ ਪ੍ਰਤੀਭਾ ਪਾਟਿਲ ਵਰਗੀਆਂ ਮਹਿਲਾਵਾਂ ਨੇ ਸਭ ਤੋਂ ਉੱਚੇ ਪਦ ਉੱਤੇ ਰਹਿ ਕੇ ਇਹ ਸਾਬਤ ਕੀਤਾ ਕਿ ਮਹਿਲਾਵਾਂ ਵਿੱਚ ਸ਼ਕਤੀ, ਲੀਡਰਸ਼ਿਪ ਅਤੇ ਦੂਰਅੰਦੇਸ਼ੀ ਦੇ ਗੁਣਾਂ ਨਾਲ ਮਹਾਨ ਆਗੂ ਵੀ ਬਣ ਸਕਦੀਆਂ ਹਨ। ਹਾਲਾਂਕਿ, ਅਜੇ ਵੀ ਕਈ ਦੇਸ਼ਾਂ ਵਿੱਚ ਮਹਿਲਾਵਾਂ ਨੂੰ ਰਾਜਨੀਤੀ ਵਿੱਚ ਪੂਰਾ ਮੌਕਾ ਨਹੀਂ ਮਿਲਦਾ, ਉਨ੍ਹਾਂ ਨੂੰ ਹਮੇਸ਼ਾ ਪੁਰਸ਼ ਆਗੂਆਂ ਦੀ ਛਾਂ ਹੇਠ ਰੱਖਿਆ ਜਾਂਦਾ ਹੈ। ਸਭ ਤਰੱਕੀਆਂ ਦੇ ਬਾਵਜੂਦ ਵੀ, ਮਹਿਲਾਵਾਂ ‘ਤੇ ਹੁਣ ਵੀ ਹਿੰਸਾ ਹੋ ਰਹੀ ਹੈ। ਲਿੰਗ ਅਧਾਰਿਤ ਵਿਤਕਰੇ, ਦਹੇਜ ਹੱਤਿਆ, ਘਰੈਲੂ ਹਿੰਸਾ, ਬਲਾਤਕਾਰ, ਲਿੰਗ ਚੋਣ ਅਤੇ ਮਜਬੂਰੀ ਵਿਆਹ ਵਰਗੀਆਂ ਸਮੱਸਿਆਵਾਂ ਅਜੇ ਵੀ ਬਹੁਤ ਵੱਡੀ ਚੁਣੌਤੀ ਹਨ। ਭਾਵੇਂ ਕਾਨੂੰਨਾਂ ਨੇ ਕਈ ਹੱਕ ਦਿੱਤੇ ਹਨ, ਪਰ ਸਮਾਜਕ ਸੋਚ ਅਜੇ ਵੀ ਪੂਰਣ ਤੌਰ ‘ਤੇ ਨਹੀਂ ਬਦਲੀ।
ਅੱਜ ਦੇ ਸਮੇਂ ਵਿੱਚ, ਜਦੋਂ ਵਿਸ਼ਵ ਹਰ ਖੇਤਰ ਵਿੱਚ ਅੱਗੇ ਵਧ ਰਿਹਾ ਹੈ, ਮਹਿਲਾਵਾਂ ਦੀ ਭੂਮਿਕਾ ਹੋਰ ਵਧਣੀ ਚਾਹੀਦੀ ਹੈ। ਉਨ੍ਹਾਂ ਨੂੰ ਸਿਰਫ਼ ਵਿਦਿਆ ਵਿੱਚ ਹੀ ਨਹੀਂ, ਬਲਕਿ ਆਤਮ-ਨਿਰਭਰ ਬਣਨਾ ਵੀ ਜ਼ਰੂਰੀ ਹੈ। ਉਨ੍ਹਾਂ ਨੂੰ ਆਤਮ-ਸੁਰੱਖਿਆ, ਵਧੀਆ ਨੀਤੀ-ਨਿਰਮਾਣ ਅਤੇ ਆਰਥਿਕ ਆਜ਼ਾਦੀ ਵੱਲ ਧਿਆਨ ਦੇਣਾ ਪਵੇਗਾ। ਸਾਨੂੰ ਅਜਿਹੀ ਸਮਾਜਕ ਤਰੱਕੀ ਕਰਨੀ ਚਾਹੀਦੀ ਹੈ, ਜਿੱਥੇ ਮਹਿਲਾਵਾਂ ਲਈ ਅਣੁਕੂਲ ਮਾਹੌਲ ਹੋਵੇ। ਨਵੀਂ ਪੀੜ੍ਹੀ ਨੂੰ ਇਹ ਸਮਝਣ ਦੀ ਲੋੜ ਹੈ ਕਿ ਮਹਿਲਾਵਾਂ ਕਿਸੇ ਵੀ ਤਰੀਕੇ ਨਾਲ ਪੁਰਸ਼ਾਂ ਤੋਂ ਘੱਟ ਨਹੀਂ ਹਨ। ਮਾਪਿਆਂ ਨੂੰ ਵੀ ਚਾਹੀਦਾ ਹੈ ਕਿ ਉਹ ਧੀ-ਪੁੱਤਰ ਵਿੱਚ ਕੋਈ ਫ਼ਰਕ ਨਾ ਕਰਨ, ਉਨ੍ਹਾਂ ਨੂੰ ਹਮੇਸ਼ਾ ਬਰਾਬਰੀ ਦੇ ਮੌਕੇ ਦਿੱਤੇ ਜਾਣੇ ਚਾਹੀਦੇ ਹਨ। ਅੰਤਰਰਾਸ਼ਟਰੀ ਮਹਿਲਾ ਦਿਵਸ ਸਾਨੂੰ ਇਹ ਯਾਦ ਦਿਵਾਉਂਦਾ ਹੈ ਕਿ ਮਹਿਲਾਵਾਂ ਦੀ ਯੋਗਤਾ, ਉਨ੍ਹਾਂ ਦੀ ਹਿੰਮਤ ਅਤੇ ਉਨ੍ਹਾਂ ਦੀ ਮੇਹਨਤ ਨੂੰ ਅਸੀਂ ਕਦੇ ਵੀ ਨਜ਼ਰਅੰਦਾਜ਼ ਨਹੀਂ ਕਰ ਸਕਦੇ। ਸਾਨੂੰ ਸਿਰਫ਼ 8 ਮਾਰਚ ਨੂੰ ਹੀ ਨਹੀਂ, ਬਲਕਿ ਹਰ ਰੋਜ਼ ਮਹਿਲਾਵਾਂ ਨੂੰ ਆਦਰ ਦੇਣਾ ਚਾਹੀਦਾ ਹੈ। ਜਦੋਂ ਤੱਕ ਸਮਾਜ ਵਿੱਚ ਮਹਿਲਾਵਾਂ ਨੂੰ ਪੂਰਾ ਸਨਮਾਨ ਨਹੀਂ ਮਿਲਦਾ, ਤਦ ਤੱਕ ਅਸੀਂ ਅੱਗੇ ਵਧਣ ਦੀ ਗੱਲ ਨਹੀਂ ਕਰ ਸਕਦੇ। ਸੱਚੀ ਤਰੱਕੀ ਤਾਂ ਉਹੀ ਹੋਵੇਗੀ, ਜਦੋਂ ਹਰੇਕ ਮਹਿਲਾ ਬਿਨਾਂ ਕਿਸੇ ਡਰ ਦੇ, ਆਤਮ-ਨਿਰਭਰ ਹੋ ਕੇ, ਆਪਣੇ ਸੁਪਨਿਆਂ ਦੀ ਉਡਾਣ ਭਰ ਸਕੇ।
liberalthinker1621@gmail.com
ਸੰਦੀਪ ਕੁਮਾਰ-7009807121
ਐਮ.ਸੀ.ਏ, ਐਮ.ਏ ਮਨੋਵਿਗਆਨ
ਰੂਪਨਗਰ