ਹੁਸ਼ਿਆਰਪੁਰ : ਪਿਛਲੇ ਦਿਨੀ ਹਿਮਾਚਲ ਪ੍ਰਦੇਸ਼ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਅਤੇ ਸਿੱਖਾਂ ਦੇ ਧਾਰਮਿਕ ਨਿਸ਼ਾਨ ਸਾਹਿਬ ਨੂੰ ਜਬਰਦਸਤੀ ਮੋਟਰਸਾਈਕਲਾਂ ਤੋਂ ਉਤਰਵਾਉਣ ਕਾਰਨ ਦੋਨਾ ਰਾਜਾਂ ਵਿੱਚ ਹਾਲਤ ਤਣਾਅਪੂਰਨ ਬਣਦੇ ਜਾ ਰਹੇ ਹਨ। ਦਲ ਖ਼ਾਲਸਾ ਵੱਲੋਂ ਹਿਮਾਚਲ ਦੀਆਂ ਬੱਸਾ ਉੱਤੇ ਸੰਤ ਜਰਨੈਲ ਸਿੰਘ ਜੀ ਦੀ ਤਸਵੀਰ ਲਗਾਉਣ ਤੋਂ ਬਾਅਦ ਇਹ ਮੁੱਦਾ ਹਿਮਾਚਲ ਦੀ ਵਿਧਾਨ ਸਭਾ ਵਿੱਚ ਵੀ ਉੱਠਿਆ ਗਿਆ ਸੀ, ਜਿਸ ਤੋਂ ਬਾਅਦ ਹਿਮਾਚਲ ਵੱਲੋਂ 10 ਬੱਸਾਂ ਦਾ ਪਰਮਿਟ ਵੀ ਸਸਪੈਂਡ ਕੀਤਾ ਗਿਆ ਹੈ। ਪੰਜਾਬ-ਹਿਮਾਚਲ ਸਰਹੱਦ ਉੱਤੇ ਹਿਮਾਚਲ ਦੇ ਸਾਧਨਾ ਉੱਤੇ ਸੰਤਾਂ ਦੀ ਤਸਵੀਰ ਲਗਾਉਣ ਦੀ ਜ਼ਿੰਮਵਾਰੀ ਅੱਜ ਜਥੇਬੰਦੀ ਦੇ ਕਾਰਜਕਾਰੀ ਪ੍ਰਧਾਨ ਪਰਮਜੀਤ ਸਿੰਘ ਮੰਡ ਨੇ ਮੀਡੀਆ ਸਾਹਮਣੇ ਲਈ ਅਤੇ ਇਸ ਗੱਲ ਦਾ ਐਲਾਨ ਵੀ ਕੀਤਾ ਕਿ ਜੇਕਰ ਭਵਿੱਖ ਵਿੱਚ ਇਸ ਸਾਰੇ ਮਸਲੇ ਲਈ ਜ਼ਿੰਮੇਵਾਰ ਅਮਨ ਸੂਦ ਉੱਤੇ ਕਾਰਵਾਈ ਨਾ ਕੀਤੀ ਗਈ ਅਤੇ ਸਿੱਖ ਨੌਜਵਾਨਾਂ ਉੱਤੇ ਦਰਜ਼ ਕੀਤੇ ਪਰਚੇ ਰੱਦ ਨਾ ਕੀਤੇ ਗਏ ਤਾਂ ਅਗਲਾ ਪ੍ਰੋਗਰਾਮ ਹੋਰ ਤਿੱਖਾ ਹੋਵੇਗਾ। ਉਨ੍ਹਾਂ ਨਾਲ ਹੀ ਸਾਫ਼ ਕੀਤਾ ਕਿ ਉਹ ਜੋ ਵੀ ਕਰਨਗੇ ਖੁੱਲੇ ਅਸਮਾਨ ਹੇਠ ਅਤੇ ਨੰਗੇ ਚਿਹਰੇ ਨਾਲ ਕਰਨਗੇ। ਪੰਜਾਬ ਸਰਕਾਰ ਵੱਲੋਂ ਹਿਮਾਚਲ ਦੀਆਂ ਬੱਸਾਂ ਨੂੰ ਸੁਰੱਖਿਆ ਪ੍ਰਦਾਨ ਕਰਨ ਉੱਤੇ ਬੋਲਦੇ ਹੋਏ ਓਹਨਾ ਕਿਹਾ ਕਿ ਉਹ ਆਸ ਕਰਦੇ ਹਨ ਕਿ ਭਗਵੰਤ ਮਾਨ ਸਰਕਾਰ ਹਿਮਾਚਲ ਵਿੱਚ ਸਿੱਖ ਸ਼ਾਰਦਾਲੂਆਂ ਅਤੇ ਸਿੱਖਾਂ ਦੇ ਧਾਰਮਿਕ ਝੰਡਿਆਂ ਨੂੰ ਸੁਰੱਖਿਅਤ ਕਰਨ ਲਈ ਆਪਣੇ ਹਮਰੁਤਬਾ ਸੁਖਵਿੰਦਰ ਸੁੱਖੂ ਨੂੰ ਯਕੀਨੀ ਬਣਾਉਣ। ਉਹਨਾਂ ਕਿਹਾ ਕਿ ਖਰੜ ਵਿਖੇ ਹਿਮਾਚਲ ਪ੍ਰਦੇਸ਼ ਦੀ ਬੱਸ ਉੱਤੇ ਹੋਏ ਹਮਲੇ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਇਸ ਲਈ ਜ਼ਿੰਮੇਵਾਰ ਅਮਨ ਸੂਦ ਵਰਗੇ ਲੋਕ ਹਨ ਜੋ ਇਹੋ ਜਿਹੇ ਹਾਲਾਤ ਪੈਦਾ ਕਰਦੇ ਹਨ। ਉਹਨਾਂ ਕਿਹਾ ਕਿ ਜਿਸ ਤਰ੍ਹਾਂ ਬੱਸ ਉੱਤੇ ਹਮਲਾ ਕੀਤਾ ਗਿਆ ਹੈ ਇਸ ਵਿੱਚੋ ਸ਼ਰਾਰਤ ਦੀ ਬੋ ਆਉਂਦੀ ਹੈ। ਉਨ੍ਹਾਂ ਕਿਹਾ ਸਰਕਾਰ ਨੂੰ ਸਮਾ ਰਹਿੰਦੇ ਸਾਰਾ ਮਸਲਾ ਸਾਂਭ ਲੈਣਾ ਚਾਹੀਦਾ ਹੈ ਨਹੀਂ ਤਾਂ ਹਾਲਾਤ ਹੋਰ ਵਿਗੜ ਸਕਦੇ ਹਨ। ਸਾਰੇ ਮਸਲੇ ਬਾਰੇ ਪੱਤਰਕਾਰਾ ਨਾਲ ਗੱਲ ਕਰਦੇ ਹੋਏ ਭਾਈ ਮੰਡ, ਰਣਵੀਰ ਸਿੰਘ, ਗੁਰਨਾਮ ਸਿੰਘ ਅਤੇ ਜਿਲ੍ਹਾ ਪ੍ਰਧਾਨ ਬਲਜਿੰਦਰ ਸਿੰਘ ਖਾਲਸਾ ਨੇ ਕਿਹਾ ਕਿ ਅਸੀ ਨਹੀਂ ਚਾਹੁੰਦੇ ਕਿ ਹਾਲਤ ਇੰਨੇ ਵਿਗੜਨ ਕਿ ਇਸਦਾ ਸੇਕ ਆਮ ਲੋਕਾਂ ਤੱਕ ਜਾਵੇ। ਪੂਰੇ ਮਸਲੇ ਦੀ ਜੜ੍ਹ ਤੱਕ ਜਾਂਦੇ ਹੋਏ ਭਾਈ ਮੰਡ ਨੇ ਦੱਸਿਆ ਕਿ ਇਹ ਪਹਿਲੀ ਵਾਰ ਨਹੀਂ ਹੋਇਆ ਕਿ ਹਿਮਾਚਲ ਪ੍ਰਦੇਸ਼ ਵਿੱਚੋ ਸਿੱਖ ਸ਼ਾਰਧਾਲੂਆਂ ਨੂੰ ਤੰਗ ਪ੍ਰੇਸ਼ਾਨ ਕਰਨ ਦਾ ਮਾਮਲਾ ਸਾਹਮਣੇ ਆਇਆ ਹੋਵੇ, ਪਿਛਲੇ ਕੁਝ ਸਾਲਾਂ ਤੋਂ ਇਹ ਲਗਾਤਾਰ ਵੱਧਦਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇੰਝ ਮਹਿਸੂਸ ਹੁੰਦਾ ਹੈ ਜਿਵੇਂ ਪਹਾੜੀ ਰਾਜਿਆਂ ਦੇ ਵਾਰਸਾਂ ਅੰਦਰ ਸਿੱਖੀ ਪ੍ਰਤੀ ਨਫ਼ਰਤ ਅੱਜ ਵੀ ਬਰਕਰਾਰ ਹੈ। ਗੱਲਬਾਤ ਦੌਰਾਨ ਉਨ੍ਹਾਂ ਪੰਜਾਬ ਅੰਦਰ ਹਿਮਾਚਲ ਵਾਲਿਆਂ ਦੀ ਵੱਧਦੀ ਗਿਣਤੀ ਬਾਰੇ ਵੀ ਚਿੰਤਾ ਪ੍ਰਗਟ ਕੀਤੀ। ਓਹਨਾ ਕਿਹਾ ਕਿ ਬਹੁਤ ਸਾਰੀਆਂ ਕੁਰਬਾਨੀਆਂ ਤੋਂ ਬਾਅਦ ਸਿੱਖ ਪੰਜਾਬ ਅੰਦਰ ਬਹੁਗਿਣਤੀ ਹੋਏ ਸਨ ਪਰ ਅੱਜ ਪਰਵਾਸੀਆਂ ਦੀ ਆਮਦ ਕਰਨ ਅਸੀ ਘੱਟਗਿਣਤੀ ਹੁੰਦੇ ਜਾ ਰਹੇ ਹਾਂ। ਉਹਨਾਂ ਸੰਤਾਂ ਦੀ ਤਸਵੀਰ ਵਾਲੇ ਝੰਡਿਆਂ ਉੱਤੇ ਹਿਮਾਚਲ ਵੱਲੋ ਚੁੱਕੇ ਜਾ ਰਹੇ ਇਤਰਾਜ਼ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਪੰਜਾਬ ਅਤੇ ਸਿੱਖਾਂ ਉੱਤੇ ਦਿੱਲੀ ਵੱਲੋ ਕੀਤੀਆਂ ਗਈਆਂ ਅਤੇ ਜਾ ਰਹੀਆਂ ਬੇਇਨਸਾਫ਼ੀਆਂ ਖ਼ਿਲਾਫ਼ ਲੜੇ ਅਤੇ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਸੰਘਰਸ਼ ਦੇ ਪ੍ਰਤੀਕ ਹਨ ਅਤੇ ਸਿੱਖਾਂ ਦੇ ਕੌਮੀ ਸ਼ਹੀਦ ਹਨ ਜਿਨ੍ਹਾਂ ਦੀ ਯਾਦਗਾਰ ਦਰਬਾਰ ਸਾਹਿਬ ਵਿੱਚ ਉਸਰੀ ਹੋਈ ਹੈ ਅਤੇ ਹਰ ਸਿੱਖ ਉਹਨਾਂ ਨੂੰ ਪਿਆਰ ਕਰਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਹਿਮਾਚਲ ਨੂੰ ਸੰਤਾਂ ਦੀ ਤਸਵੀਰ ਵਾਲਾ ਝੰਡਾ ਚੁੱਭਦਾ ਹੈ ਤਾਂ ਸਾਨੂ ਵੀ ਬਹੁਤ ਸਾਰੇ ਚਿੰਨ੍ਹਾਂ ਤੋਂ ਇਤਰਾਜ ਹੈ ਪਰ ਅਸੀ ਕਦੇ ਕਿਸੇ ਦਾ ਨਿਰਾਦਰ ਨਹੀਂ ਕੀਤਾ। ਇਸਦਾ ਹੱਲ੍ਹ ਪੁੱਛਣ ਉੱਤੇ ਭਾਈ ਮੰਡ ਨੇ ਕਿਹਾ ਕਿ “ਹਮੇ ਹਮਾਰਾ ਖੂਬ, ਤੁਮਹੇ ਤੁਮਹਾਰਾ ਖੂਬ”। ਓਹਨਾ ਕਿਹਾ ਕਿ ਕੋਈ ਵੀ ਆਪਣਾ ਚਿੰਨ੍ਹ ਅਤੇ ਸੋਚ ਕਿਸੇ ਉੱਤੇ ਨਾ ਥੋਪੇ ਪਰ ਆਪਣੀ-ਆਪਣੀ ਜਗ੍ਹਾ ਆਪਣੇ ਆਪਣੇ ਚਿੰਨ੍ਹਾਂ ਦਾ ਸਤਿਕਾਰ ਕਾਇਮ ਰੱਖੇ। ਓਹਨਾ ਕਿਹਾ ਕਿ ਹਿਮਾਚਲ ਵਾਲਿਆਂ ਨੂੰ ਚਾਹੀਦਾ ਹੈ ਕਿ ਉਹ ਸਿੱਖਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਨਾ ਕਰਨ। ਇਸ ਮੌਕੇ ਉਹਨਾਂ ਨਾਲ ਜਸਵੀਰ ਸਿੰਘ ਸੀਕਰੀ, ਤਜਿੰਦਰ ਸਿੰਘ, ਅਮਰਜੀਤ ਸਿੰਘ ਨਿੱਜਰ, ਜਸਵਿੰਦਰ ਸਿੰਘ, ਵਿਜੇਪਾਲ ਸਿੰਘ ਆਦਿ ਹਾਜ਼ਰ ਸਨ।