ਮਰੀਜ਼ਾਂ ਨੂੰ ਨਸ਼ਾ ਛੁਡਾਊ ਕੇਂਦਰ ਦੇ ਅੰਦਰ ਬਾਗਬਾਨੀ ਦੀ ਟ੍ਰੇਨਿੰਗ ਦੇਣ ਦੇ ਆਦੇਸ਼
ਐਸ.ਏ.ਐਸ.ਨਗਰ : ਡਿਪਟੀ ਕਮਿਸ਼ਨਰ ਕੋਮਲ ਮਿੱਤਲ ਵੱਲੋ ਅੱਜ ਸਵੇਰੇ ਸੈਕਟਰ 66 ਵਿਚ ਪੈਂਦੇ ਸਰਕਾਰੀ ਨਸ਼ਾ-ਛੁਡਾਊ ਅਤੇ ਮੁੜ-ਵਸੇਬਾ ਕੇਂਦਰ ਦਾ ਅਚਨਚੇਤ ਦੌਰਾ ਕੀਤਾ ਗਿਆ ਅਤੇ ਉਥੇ ਦਿਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਅਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਕੇਂਦਰ ਦੇ ਵੱਖ-ਵੱਖ ਵਾਰਡਾਂ ਦਾ ਨਿਰੀਖਣ ਕੀਤਾ ਅਤੇ ਕੇਂਦਰ ਵਿਚ ਦਾਖ਼ਲ ਮਰੀਜ਼ਾਂ ਨਾਲ ਗੱਲਬਾਤ ਵੀ ਕੀਤੀ।
ਡਿਪਟੀ ਕਮਿਸ਼ਨਰ ਨੇ ਸਿਹਤ ਅਧਿਕਾਰੀਆਂ ਨੂੰ ਹਦਾਇਤ ਦਿਤੀ ਕਿ ਮਰੀਜ਼ਾਂ ਦੀ ਵੱਧ ਤੋਂ ਵੱਧ ਸਰੀਰਕ ਗਤੀਵਿਧੀ ਕਰਵਾਈ ਜਾਵੇ ਤਾਂ ਜੋ ਉਹ ਨਸ਼ੇ ਤੋਂ ਦੂਰ ਹੋ ਸਕਣ। ਉਨ੍ਹਾਂ ਨੇ ਕੇਂਦਰ ਦੀ ਚੈਕਿੰਗ ਦੌਰਾਨ ਜੋ ਕਮੀਆਂ ਪਾਈਆਂ ਗਈਆਂ, ਉਨ੍ਹਾਂ ਨੂੰ ਜਲਦ ਤੋਂ ਜਲਦ ਪੂਰਾ ਕਰਨ ਲਈ ਆਦੇਸ਼ ਦਿੱਤੇ ਗਏ।
ਇਸ ਦੌਰਾਨ ਉਨ੍ਹਾਂ ਵੱਲੋਂ ਸੈਂਟਰ ਵਿੱਚ ਇੱਕ ਕਮਰੇ ਨੂੰ ਮਰੀਜ਼ਾਂ ਦੇ ਪਾਠ-ਪੂਜਾ ਕਰਨ ਲਈ ਤਿਆਰ ਕਰਨ ਲਈ ਵੀ ਕਿਹਾ ਗਿਆ, ਜਿੱਥੇ ਬੈਠ ਕੇ ਉਹ ਮੈਡੀਟੇਸ਼ਨ ਕਰ ਸਕਣ। ਇਸ ਤੋਂ ਇਲਾਵਾ ਉਨ੍ਹਾਂ ਨੇ ਮਰੀਜ਼ਾਂ ਲਈ ਯੋਗਾ ਅਭਿਆਸ ਸ਼ੁਰੂ ਕਰਵਾਉਣ ਅਤੇ ਉਨ੍ਹਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਉਹ ਬਾਗਬਾਨੀ ਦੇ ਧੰਦੇ ਦੀ ਸਿਖਲਾਈ ਦੇਣ ਲਈ ਵੀ ਕਿਹਾ ਤਾਂ ਜੋ ਉਹ ਸੈਂਟਰ ਤੋਂ ਬਾਹਰ ਆਉਣ ਉਪਰੰਤ ਭਵਿੱਖ ਵਿੱਚ ਸਵੈ-ਰੁਜ਼ਗਾਰ ਦੇ ਯੋਗ ਬਣ ਸਕਣ।
ਡਿਪਟੀ ਕਮਿਸ਼ਨਰ ਵੱਲੋਂ ਸਟਾਫ ਦੀ ਕਮੀ ਨੂੰ ਪੂਰਾ ਕਰਨ ਲਈ ਸਿਵਲ ਸਰਜਨ ਸੰਗੀਤਾ ਜੈਨ ਨੂੰ ਹੋਰ ਸਟਾਫ਼ ਦੀ ਤੈਨਾਤੀ ਕਰਨ ਲਈ ਕਿਹਾ। ਉਨ੍ਹਾਂ ਸਟਾਫ਼ ਨੂੰ ਕਿਹਾ ਕਿ ਨਸ਼ੇ ਦੇ ਮਰੀਜ਼ਾਂ ਨਾਲ ਪਿਆਰ ਤੇ ਹਮਦਰਦੀ ਭਰਿਆ ਵਿਹਾਰ ਕੀਤਾ ਜਾਵੇ ਅਤੇ ਜੇ ਕਦੇ ਕੋਈ ਮਰੀਜ਼ ਕਿਸੇ ਸਮੇਂ ਕਿਸੇ ਗੱਲ ’ਤੇ ਸਖ਼ਤ ਪ੍ਰਤੀਕਰਮ ਵੀ ਕਰਦਾ ਹੈ ਤਾਂ ਉਸ ਨੂੰ ਪਿਆਰ ਅਤੇ ਹਲੀਮੀ ਨਾਲ ਸੰਭਾਲਿਆ ਜਾਵੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦਾ ਇਕੋ-ਇਕ ਮਕਸਦ ਹੈ ਕਿ ਨਸ਼ੇ ਤੇ ਮਾਨਸਿਕ ਰੋਗਾਂ ਦੇ ਮਰੀਜ਼ਾਂ ਨੂੰ ਕੇਂਦਰ ਵਿਚ ਬਿਲਕੁਲ ਤੰਦਰੁਸਤ ਕਰ ਕੇ ਘਰ ਵਾਪਸ ਭੇਜਿਆ ਜਾਵੇ।
ਡਿਪਟੀ ਕਮਿਸ਼ਨਰ ਨੇ ਕੇਂਦਰ ਵਿਚ ਦਾਖ਼ਲ ਮਰੀਜ਼ਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰ ਵਲੋਂ ਉਨ੍ਹਾਂ ਨੂੰ ਬਹੁਤ ਵਧੀਆ ਮਾਹੌਲ ਦਿਤਾ ਜਾ ਰਿਹਾ ਹੈ, ਜਿਥੇ ਉਨ੍ਹਾਂ ਨੂੰ ਰਹਿਣ-ਸਹਿਣ, ਖਾਣ-ਪੀਣ ਅਤੇ ਇਲਾਜ ਦੀ ਬਿਲਕੁਲ ਮੁਫ਼ਤ ਸਹੂਲਤ ਦਿਤੀ ਜਾ ਰਹੀ ਹੈ।
ਉਨ੍ਹਾਂ ਨੇ ਮਰੀਜ਼ਾਂ ਨੂੰ ਕਿਹਾ ਕਿ ਉਹ ਆਪਣਾ ਇਲਾਜ ਸਹੀ ਤਰੀਕੇ ਨਾਲ਼ ਕਰਵਾਉਣ ਅਤੇ ਠੀਕ ਹੋ ਕੇ ਆਪਣੇ ਘਰ ਜਲਦ ਵਾਪਿਸ ਜਾਣ।
ਡਿਪਟੀ ਕਮਿਸ਼ਨਰ ਨੇ ਨਸ਼ਾ ਛੁਡਾਊ ਅਤੇ ਮੁੜ ਵਸੇਬਾ ਕੇਂਦਰਾਂ ਵਿੱਚ ਦਿੱਤੇ ਜਾਣ ਵਾਲੇ ਖਾਣੇ ਦੇ ਖਰਚਿਆਂ ਵਿੱਚ ਵਾਧੇ ਨੂੰ ਪ੍ਰਵਾਨਗੀ ਦਿੰਦੇ ਹੋਏ ਕਿਹਾ ਕਿ ਜ਼ਿਲ੍ਹਾ ਨਸ਼ਾ ਛੁਡਾਊ ਅਤੇ ਮੁੜ ਵਸੇਬਾ ਕੇਂਦਰ, ਸੈਕਟਰ 66, ਮੁਹਾਲੀ ਵਿਖੇ ਪੋਸ਼ਟਿਕ ਆਹਾਰ ਦੇਣ ਲਈ ਰੋਸਟਰ ਰਜਿਸਟਰ ਤਿਆਰ ਕੀਤਾ ਜਾਵੇ। ਉਨ੍ਹਾਂ ਵੱਲੋਂ ਮਰੀਜ਼ਾਂ ਦੀ ਸਹੀ ਦੇਖਭਾਲ ਕਰਨ ਅਤੇ ਮਰੀਜਾਂ ਨੂੰ ਉਨ੍ਹਾਂ ਦੇ ਪਰਿਵਾਰਾਂ ਨਾਲ਼ ਮਿਲਣ ਦਾ ਸਮਾਂ ਨਿਸ਼ਚਿਤ ਕਰਨ ਲਈ ਕਿਹਾ ਗਿਆ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸੋਨਮ ਚੌਧਰੀ, ਸਿਵਲ ਸਰਜਨ ਡਾ. ਸੰਗੀਤਾ ਜੈਨ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਪਰਵਿੰਦਰ ਪਾਲ ਕੌਰ, ਸਕੱਤਰ ਰੈੱਡ ਕਰਾਸ ਹਰਬੰਸ ਸਿੰਘ ਅਤੇ ਹੋਰ ਵਿਭਾਗੀ ਅਧਿਕਾਰੀ ਵੀ ਹਾਜ਼ਰ ਸਨ।