ਸੁਨਾਮ ਵਿਖੇ ਮੀਟਿੰਗ ਕਰਦੇ ਦੁਕਾਨਦਾਰ ਤੇ ਮੁਹੱਲੇ ਦੇ ਵਸਨੀਕ
ਸੁਨਾਮ : ਸੁਨਾਮ ਵਿਖੇ ਸ਼ਹੀਦ ਊਧਮ ਸਿੰਘ ਮਿਉਂਸਪਲ ਬੱਸ ਸਟੈਂਡ ਦੀ ਜਗ੍ਹਾ ਬਦਲਣ ਨੂੰ ਲੈਕੇ ਮਿਲ ਰਹੀਆਂ ਕਨਸੋਆਂ ਨੇ ਸ਼ਹਿਰ ਅੰਦਰ ਸਿਆਸਤ ਭਖਾ ਦਿੱਤੀ ਹੈ। ਸ਼ਹਿਰ ਦੇ ਲੋਕ ਅਤੇ ਕੁੱਝ ਇੱਕ ਜਥੇਬੰਦੀਆਂ ਆਪਣੀ ਸਹੂਲਤ ਅਨੁਸਾਰ ਬੱਸ ਸਟੈਂਡ ਨੂੰ ਸ਼ਿਫਟ ਕਰਨ ਦੀ ਮੰਗ ਉਠਾ ਰਹੇ ਹਨ। ਸ਼ਨਿੱਚਰਵਾਰ ਨੂੰ ਸੁਨਾਮ ਵਿਖੇ ਇਸ ਮਾਮਲੇ ਸਬੰਧੀ ਇਕ ਅਹਿਮ ਮੀਟਿੰਗ ਗੁਰਦੁਆਰਾ ਇਮਲੀ ਸਾਹਿਬ ਵਿਖੇ ਹੋਈ। ਜਿਸ ਵਿੱਚ ਬੱਸ ਸਟੈਂਡ ਨੂੰ ਬੀ.ਡੀ.ਪੀ.ਓ ਦਫ਼ਤਰ ਦੇ ਨਾਲ ਲੱਗਦੀ ਜਗ੍ਹਾ ਵਿੱਚ ਤਬਦੀਲ ਕਰਨ ਦੀ ਮੰਗ ਕੀਤੀ ਗਈ। ਇਸ ਤੋਂ ਪਹਿਲਾਂ ਕੁੱਝ ਲੋਕਾਂ ਨੇ ਬਠਿੰਡਾ ਰੋਡ ਤੇ ਬੱਸ ਸਟੈਂਡ ਬਣਾਉਣ ਦੀ ਮੰਗ ਕੀਤੀ ਹੈ। ਇਸੇ ਦੌਰਾਨ ਲੋਕਾਂ ਦਾ ਕਹਿਣਾ ਹੈ ਕਿ ਬੱਸ ਸਟੈਂਡ ਸ਼ਹਿਰੋਂ ਬਾਹਰ ਨਹੀਂ ਹੋਣਾ ਚਾਹੀਦਾ। ਸਵਾਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸੂਬਾ ਸਰਕਾਰ ਨੂੰ ਤਵੱਜੋ ਦੇਣੀ ਚਾਹੀਦੀ ਹੈ। ਮੀਟਿੰਗ ਦੀ ਅਹਿਮ ਗੱਲ ਇਹ ਰਹੀ ਕਿ ਮੀਟਿੰਗ ਵਿੱਚ ਬੱਸ ਸਟੈਂਡ ਮਾਰਕੀਟ ਅਤੇ ਆਸ-ਪਾਸ ਦੇ ਇਲਾਕੇ ਦੇ ਦੁਕਾਨਦਾਰਾਂ, ਇੰਦਰਾ ਬਸਤੀ, ਅਜੀਤ ਨਗਰ ਅਤੇ ਮੋਰਾਂਵਾਲੀ ਦੇ ਵਸਨੀਕਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਮੀਟਿੰਗ ਵਿੱਚ ਜਥੇਦਾਰ ਗੁਰਪ੍ਰੀਤ ਸਿੰਘ ਲਖਮੀਰਵਾਲਾ, ਜਗਦੇਵ ਸਿੰਘ ਬਾਹੀਆ, ਸਾਬਕਾ ਕੌਂਸਲਰ ਪਰਮਿੰਦਰ ਸਿੰਘ ਜਾਰਜ, ਪ੍ਰਧਾਨ ਸਰਬਜੀਤ ਸਿੰਘ ਕੋਹਲੀ ਅਤੇ ਸੱਤਪਾਲ ਰਾਮ ਆਦਿ ਨੇ ਕਿਹਾ ਕਿ ਇਸ ਥਾਂ ’ਤੇ ਬੱਸ ਸਟੈਂਡ ਸ਼ਿਫਟ ਕਰਨ ਨਾਲ ਕਿਸੇ ਦਾ ਰੁਜ਼ਗਾਰ ਨਹੀਂ ਖੋਹਿਆ ਜਾਵੇਗਾ। ਇਹ ਜਗ੍ਹਾ ਪੁਰਾਣੇ ਬੱਸ ਸਟੈਂਡ ਦੇ ਨੇੜੇ ਹੈ ਅਤੇ ਪੂਰੇ ਸ਼ਹਿਰ ਨੂੰ ਜੋੜਨ ਵਿੱਚ ਸਹਾਈ ਹੋਵੇਗਾ। ਬੁਲਾਰਿਆਂ ਨੇ ਕਿਹਾ ਕਿ ਲੋਕਾਂ ਨੂੰ ਬਿਹਤਰ ਸਹੂਲਤਾਂ ਪ੍ਰਦਾਨ ਕਰਨਾ ਅਤੇ ਸਾਰਿਆਂ ਲਈ ਰੁਜ਼ਗਾਰ ਸੁਰੱਖਿਅਤ ਕਰਨਾ ਸਰਕਾਰ ਦੀ ਜ਼ਿੰਮੇਵਾਰੀ ਹੈ। ਹਲਕਾ ਵਿਧਾਇਕ ਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਇਸ ਮੰਗ ਨੂੰ ਗੰਭੀਰਤਾ ਨਾਲ ਲੈ ਕੇ ਅੱਗੇ ਆਉਣਾ ਚਾਹੀਦਾ ਹੈ। ਇਸ ਮੌਕੇ ਗਿਆਨੀ ਅਰਜਨ ਸਿੰਘ, ਮੈਨੇਜਰ ਚੰਦ ਸਿੰਘ ਫੱਗੂਵਾਲਾ, ਇੰਦਰਜੀਤ ਸਿੰਘ ਕੰਬੋਜ, ਐਡਵੋਕੇਟ ਸ਼ਾਮ ਲਾਲ, ਮਹੇਸ਼ ਦੀਵਾਨ, ਦਰਸ਼ਨ ਸਿੰਘ ਭੰਗੂ, ਪਵਨ ਕੁਮਾਰ ਨਾਗਰਾ, ਪਾਲਾ ਰਾਮ ਸਿੰਗਲਾ, ਬਲਦੇਵ ਸਿੰਘ ਭੋਡੇ, ਨਰੰਜਨ ਸਿੰਘ ਰੋਲੇ, ਮੈਨੇਜਰ ਨੱਥਾ ਸਿੰਘ ਸਾਗੂ ਸਮੇਤ ਵੱਡੀ ਗਿਣਤੀ ਵਿੱਚ ਪਤਵੰਤੇ ਹਾਜ਼ਰ ਸਨ।