ਮੋਹਾਲੀ : ਮੋਹਾਲੀ ਪ੍ਰੈੱਸ ਕਲੱਬ ਦੀ ਸਾਲ 2025-26 ਲਈ 26 ਮਾਰਚ 2025 ਨੂੰ ਨਾਜ਼ਮਦਗੀ ਫਾਰਮ ਭਰਨ ਦਾ ਕੰਮ ਮੁਕੰਮਲ ਹੋ ਗਿਆ। ਮੁੱਖ ਚੋਣ ਕਮਿਸ਼ਨਰ ਹਰਿੰਦਰ ਪਾਲ ਸਿੰਘ ਹੈਰੀ ਦੀ ਪ੍ਰਧਾਨਗੀ ਹੇਠ ਸਵੇਰੇ 11.00 ਤੋਂ ਦੁਪਹਿਰ 1.00 ਵਜੇ ਤੱਕ ਫਾਰਮ ਲਏ ਗਏ। ਇਸ ਦੌਰਾਨ ਪਟਵਾਰੀ-ਸ਼ਾਹੀ ਗਰੁੱਪ ਦੇ ਪੈਨਲ ਵੱਲੋਂ 9 ਅਹੁਦੇਦਾਰਾਂ (ਪ੍ਰਧਾਨ ਸੁਖਦੇਵ ਸਿੰਘ ਪਟਵਾਰੀ, ਜਨਰਲ ਸਕੱਤਰ ਗੁਰਮੀਤ ਸਿੰਘ ਸ਼ਾਹੀ, ਸੀ. ਮੀਤ ਪ੍ਰਧਾਨ ਸੁਸ਼ੀਲ ਗਰਚਾ, ਮੀਤ ਪ੍ਰਧਾਨ ਮਨਜੀਤ ਸਿੰਘ ਚਾਨਾ ਅਤੇ ਵਿਜੇ ਪਾਲ, ਜਥੇਬੰਦਕ ਸਕੱਤਰ ਸ੍ਰੀਮਤੀ ਨੀਲਮ ਕੁਮਾਰੀ, ਜੁਆਇੰਟ ਸਕੱਤਰ ਡਾ. ਰਵਿੰਦਰ ਕੌਰ ਤੇ ਵਿਜੇ ਕੁਮਾਰ, ਅਤੇ ਕੈਸ਼ੀਅਰ ਰਾਜੀਵ ਤਨੇਜਾ ) ਲਈ ਨਾਮਜ਼ਦਗੀ ਪੱਤਰ ਦਾਖਲ ਕੀਤੇ ਜਦਕਿ ਇਕ ਫਾਰਮ ਤਿਲਕ ਰਾਜ ਵਲੋਂ ਜਨਰਲ ਸਕੱਤਰ ਦੇ ਅਹੁਦੇ ਲਈ ਭਰਿਆ ਗਿਆ। ਇਸ ਤੋਂ ਇਲਾਵਾ ਹੋਰ ਕਿਸੇ ਵੀ ਪੈਨਲ/ਉਮੀਦਵਾਰ ਵਲੋਂ ਨਾਮਜ਼ਦਗੀ ਕਾਗਜ਼ ਦਾਖਿਲ ਨਹੀਂ ਕੀਤੇ ਗਏ।
ਚੋਣ ਕਮਿਸ਼ਨਰ ਹਰਿੰਦਰ ਪਾਲ ਸਿੰਘ ਹੈਰੀ, ਚੋਣ ਕਮਿਸ਼ਨਰ ਅਮਰਦੀਪ ਸਿੰਘ ਸੈਣੀ ਅਤੇ ਕੁਲਵਿੰਦਰ ਸਿੰਘ ਬਾਵਾ, ਤਿੰਨ ਮੈਂਬਰੀ ਚੋਣ ਕਮਿਸ਼ਨ ਵੱਲੋਂ ਐਲਾਨੇ ਗਏ ਪ੍ਰੋਗਰਾਮ ਮੁਤਾਬਕ ਅੱਜ ਸ਼ਾਮੀ 3.00 ਵਜੇ ਫਾਰਮ ਵਾਪਸ ਲੈਣ ਦੇ ਆਖਰੀ ਸਮੇਂ ਤੋਂ ਬਾਅਦ ਫਾਰਮਾਂ ਦੀ ਪੜਤਾਲ ਕੀਤੀ ਗਈ ਜਿਸ ਮੁਤਾਬਕ ਪਟਵਾਰੀ-ਸ਼ਾਹੀ ਪੈਨਲ ਵੱਲੋਂ 9 ਫਾਰਮ ਅਤੇ ਆਜ਼ਾਦ ਉਮੀਦਵਾਰ ਵਲੋਂ 1 ਫਾਰਮ ਪ੍ਰਾਪਤ ਹੋਇਆ। ਇਨ੍ਹਾਂ ਵਿਚੋਂ ਕਿਸੇ ਵੀ ਉਮੀਦਵਾਰ ਨੇ ਆਪਣਾ ਫਾਰਮ ਵਾਪਸ ਨਹੀਂ ਲਿਆ ਅਤੇ ਪੜਤਾਲ ਦੌਰਾਨ ਸਾਰੇ ਫਾਰਮ ਸਹੀ ਪਾਏ ਗਏ। ਇਸ ਤਰ੍ਹਾਂ ਜਨਰਲ ਸਕੱਤਰ ਦੇ ਅਹੁਦੇ ਲਈ 2 ਫਾਰਮ ਭਰੇ ਗਏ ਹਨ ਜਦਕਿ ਬਾਕੀ ਸਾਰੇ ਅਹੁਦਿਆਂ ਲਈ ਇਕ-ਇਕ ਫਾਰਮ ਭਰਿਆ ਗਿਆ ਹੈ। ਇਸ ਤਰ੍ਹਾਂ ਜਨਰਲ ਸਕੱਤਰ ਦੇ ਅਹੁਦੇ ਲਈ ਚੋਣ ਹੋਣੀ ਹੈ ਇਸ ਲਈ ਬਾਕੀ ਉਮੀਦਵਾਰਾਂ ਦੇ ਨਤੀਜੇ ਵੀ ਅਜੇ ਐਲਾਨੇ ਨਹੀਂ ਜਾ ਸਕਦੇ।
ਚੋਣ ਕਮਿਸ਼ਨ ਨੇ ਅੱਗੇ ਕਿਹਾ ਕਿ ਹੁਣ ਇਹ ਚੋਣ 29.03.2025 ਨੂੰ ਪਹਿਲਾਂ ਨਿਰਧਾਰਿਤ ਪ੍ਰੋਗਰਾਮ ਤਹਿਤ ਸਵੇਰੇ 10.00 ਵਜੇ ਤੋਂ ਲੈ ਕੇ ਬਾਅਦ ਦੁਪਹਿਰ 2.00 ਵਜੇ ਤੱਕ ਹੋਵੇਗੀ ਅਤੇ ਸਾਰੇ ਅਹੁਦਿਆਂ ਦੇ ਨਤੀਜਿਆਂ ਦਾ ਐਲਾਨ 29.03.2025 ਨੂੰ ਹੀ ਨਿਰਧਾਰਤ ਸਮੇਂ ਤੋਂ ਬਾਅਦ ਵੋਟਾਂ ਦੀ ਗਿਣਤੀ ਕਰਨ ਉਪਰੰਤ ਘੋਸ਼ਿਤ ਕਰ ਦਿੱਤਾ ਜਾਵੇਗਾ।