ਮੋਹਾਲੀ : ਸਿਹਤ ਅਤੇ ਪਰਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਕੋਵਿਡ ਟੀਕਾਕਰਨ ਮੁਹਿੰਮ ਨੂੰ ਹੋਰ ਹੁਲਾਰਾ ਦੇਣ ਲਈ ਅੱਜ ਸੋਹਾਣਾ ਵਿਖੇ ਲੱਗੇ ਤਿੰਨ ਕੋਵਿਡ ਟੀਕਾਕਰਨ ਕੈਂਪਾਂ ਦਾ ਜਾਇਜ਼ਾ ਲਿਆ। ਇਹ ਕੈਂਪ ਗੁਰਦਵਾਰਾ ਸ਼ਹੀਦ ਸਿੰਘਾਂ ਸੋਹਾਣਾ, ਸ਼ਿਵ ਮੰਦਰ ਅਤੇ ਸ. ਬੂਟਾ ਸਿੰਘ ਦੇ ਘਰ ਲਾਏ ਗਏ। ਇਸ ਮੌਕੇ ਗੱਲਬਾਤ ਕਰਦਿਆਂ ਸਿਹਤ ਮੰਤਰੀ ਨੇ ਆਖਿਆ ਕਿ ਸੂਬੇ ਦੇ ਪਿੰਡਾਂ ਨੂੰ ਕੋਵਿਡ ਮਹਾਂਮਾਰੀ ਤੋਂ ਮੁਕਤ ਕਰਨ ਲਈ ਪਿਛਲੇ ਦਿਨੀਂ ਪੰਜਾਬ ਸਰਕਾਰ ਦੁਆਰਾ ‘ਮਿਸ਼ਨ ਫ਼ਤਿਹ 2’ ਮੁਹਿੰਮ ਸ਼ੁਰੂ ਕੀਤੀ ਗਈ ਹੈ ਜਿਸ ਦਾ ਮੰਤਵ ਹੈ ਕਿ ਪਿੰਡਾਂ ਵਿਚ ਰਹਿੰਦੇ ਹਰ ਵਿਅਕਤੀ ਦੀ ਜਾਂਚ ਕੀਤੀ ਜਾਵੇ ਅਤੇ ਜੇ ਕਿਸੇ ਅੰਦਰ ਇਸ ਬੀਮਾਰੀ ਦਾ ਲੱਛਣ ਦਿਸਦਾ ਹੈ ਤਾਂ ਉਸ ਦੀ ਕੋਵਿਡ ਜਾਂਚ ਹੋਵੇਗੇ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਨੂੰ ਪਿੰਡਾਂ ਵਿਚ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਸਿਹਤ ਮੰਤਰੀ ਨੇ ਆਖਿਆ ਕਿ ਲੋਕ ਹੁਣ ਟੀਕਾਕਰਨ ਪ੍ਰਤੀ ਕਾਫ਼ੀ ਜਾਗਰੂਕ ਹੋ ਚੁੱਕੇ ਹਨ ਅਤੇ ਅਪਣੇ ਆਪ ਹੀ ਟੀਕੇ ਲਗਵਾਉਣ ਲਈ ਭਾਰੀ ਗਿਣਤੀ ਵਿਚ ਅੱਗੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੀਆਂ ਸਰਕਾਰੀ ਸਿਹਤ ਸੰਸਥਾਵਾਂ ਵਿਚ ਟੀਕਾਕਰਨ ਦਾ ਕੰਮ ਜੰਗੀ ਪੱਧਰ ’ਤੇ ਜਾਰੀ ਹੈ ਅਤੇ ਲੋਕਾਂ ਨੂੰ ਮੁਫ਼ਤ ਟੀਕੇ ਲਾਏ ਜਾ ਰਹੇ ਹਨ। ਸ. ਸਿੱਧੂ ਪਿੰਡਾਂ ਦੀਆਂ ਪੰਚਾਇਤਾਂ ਨੂੰ ਮੁੜ ਅਪੀਲ ਕਰਦਿਆਂ ਆਖਿਆ ਕਿ ਉਹ ਯਕੀਨੀ ਬਣਾਉਣ ਕਿ ਪਿੰਡ ਦਾ ਹਰ ਯੋਗ ਵਿਅਕਤੀ ਕੋਵਿਡ ਰੋਕਥਾਮ ਦਾ ਟੀਕਾ ਜ਼ਰੂਰ ਲਗਵਾਏ ਅਤੇ ਮਿਸ਼ਨ ਫ਼ਤਿਹ 2 ਮੁਹਿੰਮ ਨੂੰ ਕਾਮਯਾਬ ਬਣਾਉਣ ਵਿਚ ਸਾਥ ਦੇਵੇ। ਕੋਵਿਡ ਮਹਾਂਮਾਰੀ ਵਿਰੋਧੀ ਮੁਹਿੰਮ ਵਿਚ ਲੱਗੇ ਹੋਏ ਸਿਹਤ ਕਾਮਿਆਂ ਦੀ ਸ਼ਲਾਘਾ ਕਰਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਉਹ ਅਪਣੀ ਜਾਨ ਜੋਖਮ ਵਿਚ ਪਾ ਕੇ ਪਹਿਲੇ ਦਿਨ ਤੋਂ ਹੀ ਲੋਕਾਂ ਦੀ ਤੰਦਰੁਸਤੀ ਲਈ ਦਿਨ-ਰਾਤ ਕੰਮ ਕਰ ਰਹੇ ਹਨ ਜਿਸ ਲਈ ਉਹ ਅਤਿਅੰਤ ਪ੍ਰਸ਼ੰਸਾ ਦੇ ਪਾਤਰ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਲੋਕਾਂ ਨੂੰ ਇਸ ਮਹਾਂਮਾਰੀ ਤੋਂ ਸੁਰੱਖਿਅਤ ਰੱਖਣ ਵਾਸਤੇ ਪੂਰੀ ਤਨਦੇਹੀ ਨਾਲ ਲੱਗੀ ਹੋਈ ਅਤੇ ਲੋਕਾਂ ਦਾ ਵੀ ਫ਼ਰਜ਼ ਬਣਦਾ ਹੈ ਕਿ ਉਹ ਇਸ ਬੀਮਾਰੀ ਦੇ ਮਾੜੇ-ਮੋਟੇ ਵੀ ਲੱਛਣ ਦਿਸਣ ’ਤੇ ਤੁਰੰਤ ਟੈਸਟ ਕਰਵਾਉਣ ਅਤੇ ਨਾਲ ਹੀ ਕੋਵਿਡ ਟੀਕਾਕਰਨ ਵੀ ਜ਼ਰੂਰ ਕਰਵਾਉਣ। ਤਿੰਨਾਂ ਕੈਂਪਾਂ ਦੌਰਾਨ ਸਿਹਤ ਮੰਤਰੀ ਦੇ ਸਿਆਸੀ ਸਲਾਹਕਾਰ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਹਰਦਿਆਲ ਸਿੰਘ ਬਡਬਰ, ਸੁਰੇਸ਼ ਕੁਮਾਰ, ਕਮਲਜੀਤ ਕੌਰ ਸਾਬਕਾ ਕੌਂਸਲਰ, ਹਰਸੰਗਤ ਸਿੰਘ, ਗੁਰਦਵਾਰਾ ਸਿੰਘ ਸ਼ਹੀਦਾਂ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ, ਹਰਜੀਤ ਸਿੰਘ ਭੋਲੂ ਐਮ.ਸੀ. ਮੋਹਾਲੀ, ਇੰਦਰ ਵਰਮਾ, ਜਸਵਿੰਦਰ ਜੱਸੀ, ਸੌਰਭ ਸ਼ਰਮਾ ਨੰਬਰਦਾਰ, ਸੰਜੀਤ ਖੁਰਾਲ, ਰਾਜਕਰਨ ਸਿੰਘ, ਸੁੱਚਾ ਸਿੰਘ ਕਲੌੜ ਐਮ.ਸੀ., ਗੁਰਦੀਪ ਸਿੰਘ, ਸੁਖਦੇਵ ਸਿੰਘ ਆਦਿ ਹਾਜ਼ਰ ਸਨ।