ਮੋਹਾਲੀ : ਪਿੰਡਾਂ ਨੂੰ ਕੋਵਿਡ-19 ਮਹਾਂਮਾਰੀ ਤੋਂ ਮੁਕਤ ਕਰਨ ਲਈ ‘ਮਿਸ਼ਨ ਫ਼ਤਿਹ-2’ ਮੁਹਿੰਮ ਜ਼ਿਲ੍ਹਾ ਐਸ.ਏ.ਐਸ. ਨਗਰ ਵਿਚ ਪੂਰੇ ਜ਼ੋਰਾਂ ’ਤੇ ਹੈ। ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਇਸ ਮੁਹਿੰਮ ਤਹਿਤ ਜ਼ਿਲ੍ਹੇ ਦੇ ਪਿੰਡਾਂ ਵਿਚ 21 ਮਈ ਤੋਂ ਕੋਵਿਡ ਸੈਂਪÇਲੰਗ ਅਤੇ ਘਰ-ਘਰ ਜਾ ਕੇ ਸਰਵੇਖਣ ਕਰਨ ਦਾ ਕੰਮ ਲਗਾਤਾਰ ਚੱਲ ਰਿਹਾ ਹੈ। ਉਨ੍ਹਾਂ ਦਸਿਆ ਕਿ ਜ਼ਿਲ੍ਹੇ ਦੇ ਤਿੰਨੇ ਸਿਹਤ ਬਲਾਕਾਂ-ਡੇਰਾਬੱਸੀ, ਘੜੂੰਆਂ ਅਤੇ ਬੂਥਗੜ੍ਹ ਵਿਚਲੇ ਪਿੰਡਾਂ ਦੇ 1,24,954 ਘਰਾਂ ਵਿਚ ਫੇਰੀ ਪਾਉਣ ਅਤੇ 6,25,540 ਆਬਾਦੀ ਨੂੰ ਕਵਰ ਕਰਨ ਦਾ ਟੀਚਾ ਹੈ। ਉਨ੍ਹਾਂ ਦਸਿਆ ਕਿ ਆਸ਼ਾ ਵਰਕਰਾਂ ਨੇ ਅੱਜ ਤਕ 67,322 ਘਰਾਂ, ਡੇਰਿਆਂ ਅਤੇ ਹੋਰ ਰਿਹਾਇਸ਼ੀ ਥਾਵਾਂ ਦਾ ਸਰਵੇਖਣ ਕਰ ਲਿਆ ਹੈ ਅਤੇ 2,58,696 ਲੋਕਾਂ ਕੋਲ ਪਹੁੰਚ ਕਰਕੇ ਉਨ੍ਹਾਂ ਦਾ ਮੁਆਇਨਾ ਕੀਤਾ ਹੈ। ਉਨ੍ਹਾਂ ਦਸਿਆ ਕਿ ਸੀਨੀਅਰ ਮੈਡੀਕਲ ਅਫ਼ਸਰਾਂ ਦੀ ਨਿਗਰਾਨੀ ਹੇਠ ਕਮਿਊਨਿਟੀ ਹੈਲਥ ਅਫ਼ਸਰ, ਮਲਟੀਪਰਪਜ਼ ਹੈਲਥ ਵਰਕਰ ਅਤੇ ਆਸ਼ਾ ਵਰਕਰ ਜਿਥੇ ਪਿੰਡਾਂ ਦੇ ਸਰਪੰਚਾਂ ਅਤੇ ਵਸਨੀਕਾਂ ਨੂੰ ਮਿਲ ਕੇ ਉਨ੍ਹਾਂ ਨੂੰ ਸੈਂਪÇਲੰਗ ਲਈ ਪ੍ਰੇਰਿਤ ਕਰ ਰਹੇ ਹਨ ਅਤੇ ਵੱਖ ਵੱਖ ਪਿੰਡਾਂ ਵਿਚ ਰੋਜ਼ਾਨਾ ਕੋਵਿਡ ਟੈਸਟਿੰਗ ਕੈਂਪ ਲਾਏ ਜਾ ਰਹੇ ਹਨ। ਹੁਣ ਤਕ 6217 ਰੈਪਿਡ ਐਂਟੀਜ਼ਨ ਟੈਸਟ ਅਤੇ 268 ਆਰ.ਟੀ.ਪੀ.ਸੀ.ਆਰ ਟੈਸਟ ਕੀਤੇ ਜਾ ਚੁੱਕੇ ਹਨ।
ਡਾ ਆਦਰਸ਼ਪਾਲ ਕੌਰ ਨੇ ਕਿਹਾ ਕਿ ਸਿਹਤ ਟੀਮਾਂ ਇਸ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਪੂਰੀ ਤਨਦੇਹੀ ਅਤੇ ਲਗਨ ਨਾਲ ਕੰਮ ਕਰ ਰਹੀਆਂ ਹਨ ਅਤੇ ਕੁਝ ਦਿਨਾਂ ਅੰਦਰ ਇਹ ਸਰਵੇ ਮੁਕੰਮਲ ਕਰ ਲਿਆ ਜਾਵੇਗਾ। ਉਨ੍ਹਾਂ ਆਖਿਆ ਕਿ ਸਰਵੇ ਦਾ ਮੁੱਖ ਟੀਚਾ ਪਿੰਡਾਂ ਵਿਚ ਰਹਿਣ ਵਾਲੇ ਹਰ ਵਿਅਕਤੀ ਦੀ ਜਾਂਚ ਕਰਨਾ ਹੈ ਤਾਕਿ ਪਿੰਡਾਂ ਵਿਚੋਂ ਇਸ ਮਹਾਂਮਾਰੀ ਨੂੰ ਖ਼ਤਮ ਕੀਤਾ ਜਾ ਸਕੇ। ਇਸ ਮਕਸਦ ਦੀ ਪ੍ਰਾਪਤੀ ਲਈ ਆਸ਼ਾ ਵਰਕਰ ਘਰ-ਘਰ ਜਾ ਕੇ ਪਤਾ ਲਾ ਰਹੇ ਹਨ ਕਿ ਘਰ ਦਾ ਕੋਈ ਜੀਅ ਖੰਘ, ਜ਼ੁਕਾਮ, ਬੁਖ਼ਾਰ ਆਦਿ ਤੋਂ ਪੀੜਤ ਤਾਂ ਨਹੀਂ ਅਤੇ ਜੇ ਅਜਿਹੇ ਲੱਛਣ ਮਿਲਦੇ ਹਨ ਤਾਂ ਉਨ੍ਹਾਂ ਦਾ ਟੈਸਟ ਕਰਵਾਇਆ ਜਾ ਰਿਹਾ ਹੈ।
ਸਿਵਲ ਸਰਜਨ ਨੇ ਕਿਹਾ ਕਿ ਜਿਥੇ ਸਿਹਤ ਟੀਮਾਂ ਘਰੇਲੂ ਇਕਾਂਤਵਾਸ ਹੋਏ ਮਰੀਜ਼ਾਂ ਦੀ ਵੀ ਲਗਾਤਾਰ ਨਿਗਰਾਨੀ ਕਰ ਰਹੀਆਂ ਹਨ, ਉਥੇ ਮਰੀਜ਼ਾਂ ਨੂੰ ਕੋਰੋਨਾ ਫ਼ਤਿਹ ਕਿੱਟਾਂ ਵੀ ਲਗਾਤਾਰ ਮੁਹਈਆ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਦੁਹਰਾਇਆ ਕਿ ਇਸ ਮਹਾਂਮਾਰੀ ਤੋਂ ਬਚਾਅ ਲਈ ਟੈਸਟ ਕਰਾਉਣਾ ਬਹੁਤ ਜ਼ਰੂਰੀ ਹੈ ਤਾਕਿ ਸਮੇਂ ਸਿਰ ਬੀਮਾਰੀ ਦੀ ਲਾਗ ਦਾ ਪਤਾ ਲੱਗ ਸਕੇ। ਉਨ੍ਹਾਂ ਪਿੰਡਾਂ ਦੇ ਸਰਪੰਚਾਂ ਨੂੰ ਅਪੀਲ ਕੀਤੀ ਕਿ ਉਹ ਯਕੀਨੀ ਬਣਾਉਣ ਕਿ ਇਸ ਮਹਾਂਮਾਰੀ ਤੋਂ ਬਚਾਅ ਲਈ ਇਕ ਦੂਜੇ ਤੋਂ ਦੂਰੀ ਰੱਖਣ, ਵਾਰ ਵਾਰ ਹੱਥ ਧੋਣ ਅਤੇ ਮਾਸਕ ਨਾਲ ਹਰ ਸਮੇਂ ਮੂੰਹ ਢੱਕ ਕੇ ਰੱਖਣ ਜਿਹੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਬਿਨਾਂ ਲੋੜ ਤੋਂ ਘਰੋਂ ਬਾਹਰ ਨਾ ਨਿਕਲਿਆ ਜਾਵੇ। ਮਾੜੀ-ਮੋਟੀ ਤਕਲੀਫ਼ ਹੋਣ ’ਤੇ ਹਸਪਤਾਲ ਜਾਣ ਦੀ ਬਜਾਏ ਸਿਹਤ ਵਿਭਾਗ ਦੀ ਹੈਲਪਲਾਈਨ ਨੰਬਰ 104 ’ਤੇ ਸੰਪਰਕ ਕੀਤਾ ਜਾਵੇ।
ਫ਼ੋਟੋ ਕੈਪਸ਼ਨ : ਸਿਹਤ ਬਲਾਕ ਬੂਥਗੜ੍ਹ ਦੇ ਪਿੰਡਾਂ ਵਿਚ ਸਰਵੇ ਦੇ ਦ੍ਰਿਸ਼।