ਸੁਨਾਮ : ਗੁਰਦੁਆਰਾ ਸਾਹਿਬ ਬਾਬਾ ਨਾਮਦੇਵ ਜੀ ਸੁਨਾਮ ਵਿਖੇ ਖਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਦੇ ਮੌਕੇ ਅੱਠ ਰੋਜ਼ਾ ਦਸਤਾਰ ਸਿਖਲਾਈ ਕੈਂਪ ਸਰਦਾਰੀਆਂ ਯੂਥ ਚੈਰੀਟੇਬਲ ਟਰਸਟ ਪੰਜਾਬ ਦੇ ਸਹਿਯੋਗ ਨਾਲ 3 ਤੋਂ 11 ਅਪ੍ਰੈਲ ਤੱਕ ਲਗਾਇਆ ਜਾ ਰਿਹਾ ਹੈ। ਕੈਂਪ ਦਾ ਸਮਾਂ ਰੋਜ਼ਾਨਾ ਸ਼ਾਮ 4:30 ਵਜੇ ਤੋਂ 6 ਵਜੇ ਤੱਕ ਹੋਵੇਗਾ। ਗੁਰਦੁਆਰਾ ਬਾਬਾ ਨਾਮਦੇਵ ਜੀ ਦੀ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਕੁਲਵਿੰਦਰ ਸਿੰਘ ਮੋਹਲ ਨੇ ਦੱਸਿਆ ਕਿ ਇਸ ਦਸਤਾਰ ਕੈਂਪ ਵਿੱਚ ਅੰਤਰਰਾਸ਼ਟਰੀ ਦਸਤਾਰ ਕੋਚ ਹੀਰਾ ਸਿੰਘ ਆਦਮਕੇ ਅਤੇ ਵਿਕਰਮਜੀਤ ਸਿੰਘ ਬੱਚਿਆਂ ਨੂੰ ਫਰੀ ਦਸਤਾਰ ਸਿਖਲਾਈ ਦੇਣਗੇ ਅਤੇ 11 ਅਪ੍ਰੈਲ ਨੂੰ ਦਸਤਾਰ ਮੁਕਾਬਲੇ ਕਰਵਾਏ ਜਾਣਗੇ ,ਜੇਤੂ ਬੱਚਿਆਂ ਨੂੰ ਅਤੇ ਭਾਗ ਲੈਣ ਵਾਲੇ ਹਰੇਕ ਉਮੀਦਵਾਰ ਨੂੰ ਸਨਮਾਨਿਤ ਕੀਤਾ ਜਾਵੇਗਾ। ਦਾੜੀ/ਕੇਸ ਰੱਖਣ ਦਾ ਪ੍ਰਣ ਕਰਨ ਵਾਲੇ ਬੱਚਿਆਂ ਨੂੰ ਵਿਸ਼ੇਸ਼ ਸਨਮਾਨ ਦਿੱਤਾ ਜਾਵੇਗਾ। ਗੁਰਦੁਆਰਾ ਸਾਹਿਬ ਦੇ ਹੈਡ ਗ੍ਰੰਥੀ ਭਾਈ ਜਗਮੇਲ ਸਿੰਘ ਛਾਜਲਾ ਨੇ ਕਿਹਾ ਕਿ ਇਸ ਕੈਂਪ ਦੇ ਦੌਰਾਨ ਬੱਚਿਆਂ ਨੂੰ ਰੋਜਾਨਾ ਗੁਰਮਤਿ, ਸਿੱਖੀ ਅਤੇ ਸਿੱਖ ਇਤਿਹਾਸ ਤੋਂ ਵੀ ਜਾਣੂੰ ਕਰਾਇਆ ਜਾਵੇਗਾ ਤਾਂ ਜੋ ਬੱਚਿਆਂ ਨੂੰ ਸਿੱਖ ਇਤਿਹਾਸ ਅਤੇ ਸਿੱਖ ਪਰੰਪਰਾਵਾਂ ਨਾਲ ਜੋੜਿਆ ਜਾ ਸਕੇ। ਉਹਨਾਂ ਨੇ ਵੱਡੀ ਗਿਣਤੀ ਵਿੱਚ ਬੱਚਿਆਂ ਨੂੰ ਇਸ ਕੈਂਪ ਦਾ ਹਿੱਸਾ ਬਣਨ ਦੀ ਅਪੀਲ ਕੀਤੀ।