ਸੁਨਾਮ : ਸੁਨਾਮ ਦੇ ਨਵਾਂ ਬਾਜ਼ਾਰ ਵਿੱਚ ਸਥਿਤ ਦੋ ਝਗੜੇ ਵਾਲੀਆਂ ਦੁਕਾਨਾਂ ਦਾ ਕਬਜ਼ਾ ਲੈਣ ਆਏ ਹਮਲਾਵਰਾਂ ਦੇ ਖ਼ਿਲਾਫ਼ ਥਾਣਾ ਸ਼ਹਿਰੀ ਸੁਨਾਮ ਦੀ ਪੁਲਿਸ ਨੇ ਸੰਗੀਨ ਧਾਰਾਵਾਂ ਤਹਿਤ ਮਾਮਲਾ ਦਰਜ਼ ਕੀਤਾ ਹੈ। ਮਾਮਲੇ ਵਿੱਚ ਚਾਰ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ ਜਦਕਿ ਇੱਕ ਦਰਜ਼ਨ ਦੇ ਕਰੀਬ ਨਾਮਾਲੂਮ ਵਿਅਕਤੀ ਸ਼ਾਮਿਲ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸ਼ਹਿਰੀ ਸੁਨਾਮ ਦੇ ਐਸ ਐਚ ਓ ਇੰਸਪੈਕਟਰ ਪ੍ਰਤੀਕ ਜਿੰਦਲ ਨੇ ਦੱਸਿਆ ਕਿ ਸੁਨਾਮ ਦੇ ਨਵਾਂ ਬਾਜ਼ਾਰ ਵਿੱਚ ਸਥਿਤ ਦੋ ਦੁਕਾਨਾਂ ਦਾ ਮਾਮਲਾ ਮਾਨਯੋਗ ਅਦਾਲਤ ਵਿੱਚ ਵਿਚਾਰ ਅਧੀਨ ਹੈ ਬਾਵਜੂਦ ਇਸਦੇ ਕ਼ਰੀਬ ਡੇਢ਼ ਦਰਜ਼ਨ ਵਿਅਕਤੀ ਉਕਤ ਦੁਕਾਨਾਂ ਦਾ ਕਬਜ਼ਾ ਲੈਣ ਆਏ। ਉਨ੍ਹਾਂ ਦੱਸਿਆ ਕਿ ਪੀੜਤ ਵਿਅਕਤੀ ਜੀਵਨ ਸਿੰਘ ਨੇ ਪੁਲਿਸ ਕੋਲ ਦਰਜ਼ ਕਰਵਾਏ ਬਿਆਨਾਂ ਵਿੱਚ ਕਿਹਾ ਕਿ ਉਹ ਆਪਣੀ ਦੁਕਾਨ ਤੇ ਟੈਲੀਵਿਜ਼ਨ ਰਿਪੇਅਰ ਦਾ ਕੰਮ ਕਰ ਰਿਹਾ ਸੀ ਇਸ ਦੌਰਾਨ ਦੁਕਾਨਾਂ ਦਾ ਕਬਜ਼ਾ ਲੈਣ ਆਏ ਵਿਅਕਤੀਆਂ ਨੇ ਮੈਨੂੰ ਦੁਕਾਨ ਵਿੱਚੋਂ ਬਾਹਰ ਕੱਢਕੇ ਕੁੱਟਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਆਖਿਆ ਕਿ ਜੀਵਨ ਸਿੰਘ ਜੇਰੇ ਇਲਾਜ਼ ਸਰਕਾਰੀ ਹਸਪਤਾਲ ਵਿੱਚ ਜੇਰੇ ਇਲਾਜ ਦਾਖਲ ਹੈ। ਥਾਣਾ ਮੁਖੀ ਨੇ ਦੱਸਿਆ ਕਿ ਪੁਲਿਸ ਨੇ ਮਨਜੀਤ ਸਿੰਘ ਵਾਸੀ ਕਨੋਈ, ਮਨਜੀਤ ਸਿੰਘ ਵਾਸੀ ਸੁਨਾਮ, ਰਿੰਕਾ ਵਾਸੀ ਢੰਡੋਲੀ ਅਤੇ ਗੋਰਾ ਸਮੇਤ ਦਸ ਬਾਰਾਂ ਨਾਮਾਲੂਮ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ਼ ਕਰ ਲਿਆ ਹੈ, ਕਥਿਤ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਪੁਲਿਸ ਵੱਲੋਂ ਉਨ੍ਹਾਂ ਦੇ ਠਿਕਾਣਿਆਂ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਦੋਸ਼ੀਆਂ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ। ਉਧਰ ਦੂਜੀ ਧਿਰ ਦਾ ਕਹਿਣਾ ਹੈ ਕਿ ਨਵਾਂ ਬਾਜ਼ਾਰ ਵਿੱਚ ਸਥਿਤ ਉਕਤ ਦੁਕਾਨਾਂ ਉਨ੍ਹਾਂ ਨੇ ਮੁੱਲ ਖਰੀਦੀਆਂ ਹੋਈਆਂ ਹਨ ਇਸ ਦੀ ਰਜਿਸਟਰੀ ਬਕਾਇਦਾ ਸਾਡੇ ਕੋਲ ਹੈ।