ਚੰਡੀਗੜ੍ਹ : ਪਿਛਲੇ ਦਿਨੀ ਇਕ ਠਾਣੇਦਾਰ ਵਲੋਂ ਇਕ ਵਿਧਵਾ ਔਰਤ ਨਾਲ ਬਲਾਤਕਾਰ ਕਰਨ ਮੌਕੇ ਬਣੀ ਵੀਡੀਓ ਵਾਇਰਲ ਹੋਈ ਸੀ ਜਿਸ ਉਪਰੰਤ ਠਾਣੇਦਾਰ ਨੂੰ ਨੌਕਰੀ ਤੋਂ ਬਾਹਰ ਤਾਂ ਕਰ ਦਿਤਾ ਗਿਆ ਸੀ ਪਰ ਇਸ ਮਾਮਲੇ ਲਈ ਇਕ ਕਮੇਟੀ ਵੀ ਗਠਤ ਕੀਤੀ ਗਈ ਸੀ। ਹੁਣ ਇਸ ਮਾਮਲੇ ਵਿਚ High Court ਨੇ ਬਠਿੰਡਾ ਪੁਲਿਸ ਵੱਲੋਂ ਬਣਾਈ ਐੱਸ.ਆਈ.ਟੀ. ਨੂੰ ਰੱਦ ਕਰਦੇ ਹੋਏ ਇਕ ਨਵੀਂ ਐੱਸ.ਆਈ.ਟੀ. ਦਾ ਗਠਨ ਕਰ ਦਿੱਤਾ ਜੋ ਪੂਰੇ ਮਾਮਲੇ ਦੀ ਜਾਂਚ ਕਰੇਗੀ। ਹਾਈ ਕੋਰਟ ਵੱਲੋਂ ਗਠਿਤ ਕੀਤੀ ਗਈ ਐੱਸ.ਆਈ.ਟੀ.’ਚ ਏ. ਡੀ. ਜੀ. ਪੀ.ਗੁਰਪ੍ਰੀਤ ਦਿਓ, ਐੱਸ.ਐੱਸ.ਪੀ. ਮੁਕਤਸਰ, ਸੁਧਾਰਵਿਜ਼ੀ ਅਤੇ ਡੀ.ਐੱਸ.ਪੀ. ਬੁਢਲਾਡਾ ਪ੍ਰਭਜੋਤ ਕੌਰ ਨੂੰ ਸ਼ਾਮਲ ਕੀਤਾ ਗਿਆ ਹੈ। ਦਰਅਸਲ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਐਡਵੋਕੇਟ ਹਰਪ੍ਰੀਤ ਸਿੰਘ ਭਸੀਨ ਨੇ ਪੀੜਤਾ ਨੂੰ ਇਨਸਾਫ ਦਿਵਾਉਣ ਲਈ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਸੀ। ਪਟੀਸ਼ਨ ਵਿਚ ਉਨ੍ਹਾਂ ਉਕਤ ਮਾਮਲੇ ਦੀ ਆਈ.ਪੀ.ਐੱਸ.ਅਧਿਕਾਰੀਆਂ ਤੋਂ ਜਾਂਚ ਕਰਵਾਉਣ ਦੀ ਮੰਗ ਰੱਖੀ ਸੀ। ਪੀੜਤਾ ਦੀ ਪਟੀਸ਼ਨ ’ਤੇ ਸੁਣਵਾਈ ਕਰਦੇ ਹੋਏ ਹਾਈ ਕੋਰਟ ਨੇ ਮਹਿਲਾ ਨਾਲ ਏ.ਐੱਸ.ਆਈ.ਵੱਲੋਂ ਜਬਰ ਜ਼ਿਨਾਹ ਕਰਨ ਅਤੇ ਉਸ ਦੇ ਪੁੱਤਰ ’ਤੇ ਐੱਨ.ਡੀ.ਪੀ.ਐੱਸ.ਐਕਟ ਤਹਿਤ ਮਾਮਲਾ ਦਰਜ ਕੀਤੇ ਗਏ ਕੇਸ ਦੀ ਜਾਂਚ ਦੇ ਲਈ ਐੱਸ.ਆਈ.ਟੀ. ਗਠਿਤ ਕੀਤੀ ਹੈ। ਹਾਈ ਕੋਰਟ ਨੇ ਕਿਹਾ ਕਿ ਬਠਿੰਡਾ ਪੁਲਿਸ ਵੱਲੋਂ ਬਣਾਈ ਗਈ ਐੱਸ.ਆਈ.ਟੀ.’ਚ ਕੋਈ ਵੀ ਔਰਤ ਅਧਿਕਾਰੀ ਸ਼ਾਮਲ ਨਹੀਂ ਸੀ। ਇਥੇ ਦਸਣਯੋਗ ਹੈ ਕਿ ਇਕ ਨੌਜਵਾਨ ਨੂੰ ਐੱਨ.ਡੀ.ਪੀ.ਸੀ. ਐੱਸ. ਐਕਟ ਤਹਿਤ ਨਾਮਜ਼ਦ ਕਰ ਕੇ ਉਸਦੀ ਵਿਧਵਾ ਮਾਂ ਨੂੰ ਬਲੈਕਮੇਲ ਕਰਨ ਵਾਲੇ ਏ.ਐੱਸ.ਆਈ. ਗੁਰਵਿੰਦਰ ਸਿੰਘ ਦੀ ਇਕ ਵੀਡੀਓ ਵਾਇਰਲ ਹੋਈ ਸੀ ਅਤੇ ਇਹ ਵੀਡੀਓ ਪਿੰਡ ਵਾਸੀਆਂ ਨੇ ਏਐਸਆਈ ਨੂੰ ਮੌਕੇ ਉਤੇ ਕਾਬੂ ਕਰਨ ਸਮੇਂ ਬਣਾਈ ਸੀ।