ਚੰਡੀਗੜ੍ਹ : ਪੰਜਾਬ ਦੇ ਲੋਕ ਨਿਰਮਾਣ ਅਤੇ ਸਕੂਲ ਸਿਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਮਲੌਦ-ਬੁਟਾਹਰੀ ਪੁਲ ਸੜਕ ਦਾ ਨਾਂ ਸੰਤ ਬਾਬਾ ਮੀਹਾਂ (ਰਿਆੜ ਵਾਲਿਆਂ) ਦੇ ਨਾਂ ’ਤੇ ਰੱਖਣ ਦਾ ਐਲਾਨ ਕਰ ਦਿੱਤਾ ਹੈ। ਸ੍ਰੀ ਵਿਜੈ ਇੰਦਰ ਸਿੰਗਲਾ ਨੇ ਇਸ ਮੌਕੇ ਪੱਤਰਕਾਰਾਂ ਨੂੰ ਦਸਿਆ ਕਿ ਇਸ ਸੜਕ ਦਾ ਨਾਮ ਸੰਤ ਬਾਬਾ ਮੀਹਾਂ ਸਿੰਘ ਦੇ ਨਾਮ ਰੱਖਣ ਦਾ ਫ਼ੈਸਲਾ ਉਨ੍ਹਾਂ ਨੇ ਪਾਇਲ ਤੋਂ ਵਿਧਾਇਕ ਲਖਬੀਰ ਸਿੰਘ ਲੱਖਾ ਦੀ ਅਗਵਾਈ ਵਿਚ ਸਥਾਨਕ ਲੋਕਾਂ ਅਤੇ ਸਥਾਨਕ ਆਗੂਆਂ ਦੀ ਅਪੀਲ ਨੂੰ ਧਿਆਨ ਵਿੱਚ ਰਖਦਿਆਂ ਲਿਆ ਹੈ।
ਕੈਬਨਿਟ ਮੰਤਰੀ ਨੇ ਇਸ ਮੌਕੇ ਦਸਿਆ ਕਿ ਉਕਤ ਮਾਮਲੇ ਸਬੰਧੀ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕਰ ਦਿਤੀਆਂ ਗਈਆਂ ਹਨ ਅਤੇ ਉਨ੍ਹਾਂ ਇਹ ਵੀ ਦਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਉਕਤ ਸੜਕ ਦਾ ਨਾਮ ਸੰਤ ਬਾਬਾ ਮੀਹਾਂ ਸਿੰਘ ਦੇ ਨਾਮ ’ਤੇ ਰੱਖਣ ਸਬੰਧੀ ਆਪਣੀ ਸਹਿਮਤੀ ਦੇ ਦਿੱਤੀ ਹੈ।
ਸਿਖਿਆ ਮੰਤਰੀ ਨੇ ਦਸਿਆ ਕਿ 12.64 ਕਿਲੋਮੀਟਰ ਲੰਬੀ ਸੜਕ ਨੂੰ ਚੌੜਾ ਕਰਨ ਦਾ ਕੰਮ ਚਲ ਰਿਹਾ ਹੈ ਅਤੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਸੜਕ ’ਤੇ ਨਵੇਂ ਨਾਮ ਵਾਲੇ ਸਾਈਨ ਬੋਰਡ ਲਗਾਉਣ ਦੀਆਂ ਹਦਾਇਤਾਂ ਵੀ ਦਿਤੀਆਂ ਗਈਆਂ ਹਨ। ਜਾਣਕਾਰੀ ਅਨੁਸਾਰ ਉਕਤ ਸੜਕ ਮਲੌਦ ਦੇ ਪਿੰਡਾਂ ਗੋਸਲ, ਰੋਸ਼ੀਆਣਾ ਅਤੇ ਸਿਆੜ੍ਹ ਨੂੰ ਬੀਜਾ-ਪਾਇਲ-ਜਗੇੜਾ ਓਡੀਆਰ 26 ਸੜਕ ਨਾਲ ਜੋੜਦੀ ਹੈ ਜਿਸ ਕਾਰਨ ਇਨ੍ਹਾਂ ਪਿੰਡਾਂ ਦੇ ਲੋਕਾਂ ਲਈ ਰਾਹਤ ਭਰੀ ਖ਼ਬਰ ਹੈ।