ਚੰਡੀਗੜ੍ਹ : ਕੋਰੋਨਾ ਵਾਇਰਸ ਇਸ ਵਕਤ ਪੂਰੀ ਦੁਨੀਆਂ ਵਿਚ ਫੈਲ ਚੁੱਕਾ ਹੈ ਅਤੇ ਲੋਕਾਂ ਦੇ ਕੋਰੋਨਾ ਟੈਸਟ ਵੀ ਜ਼ੋਰਾਂ ਸ਼ੋਰਾਂ ਨਾਲ ਜਾਰੀ ਹਨ। ਸਰਕਾਰ ਦੀ ਇਹ ਪਹਿਲ ਕਦਮੀ ਹੈ ਕਿ ਜਿ਼ਆਦਾ ਤੋ ਜਿਆਦਾ ਲੋਕਾਂ ਦੇ ਕੋਰੋਨਾ ਟੈਸਟ ਕੀਤੇ ਜਾਣ ਅਤੇ ਟੀਕਾਕਰਨ ਮੁਹਿੰਮ ਵੀ ਤੇਜ ਕੀਤੀ ਜਾਵੇ। ਬੇਸ਼ੱਕ ਕਈ ਸੂਬਿਆਂ ਨੂੰ Corona ਮਾਰੂ ਟੀਕਿਆਂ ਦੀ ਕਿੱਲਤ ਪੇਸ਼ ਆ ਰਹੀ ਹੈ ਪਰ ਚੰਡੀਗੜ੍ਹ ਸ਼ਹਿਰ ਨੇ ਇਸ ਸਬੰਧੀ ਅਜਿਹੀ ਨੀਤੀ ਬਣਾਈ ਹੈ ਕਿ ਲੋਕਾਂ ਨੂੰ ਅੱਜ ਦੀ ਤਰੀਖ ਵਿਚ ਰਾਹਤ ਮਹਿਸੂਸ ਹੋ ਰਹੀ ਹੈ। ਦਰਅਸਲ ਚੰਡੀਗੜ੍ਹ 'ਚ ਹਰ ਦੂਜੇ ਵਿਅਕਤੀ ਦੀ ਸਿਹਤ ਵਿਭਾਗ ਕੋਰੋਨਾ ਟੈਸਟ ਕਰਵਾ ਚੁੱਕਾ ਹੈ। ਚੰਡੀਗੜ੍ਹ ਨੂੰ ਅੱਜ ਇਸ ਗੱਲ ਉਤੇ ਮਾਣ ਹੈ ਕਿ ਇਹ ਇਕਲੌਤਾ ਅਜਿਹਾ ਸ਼ਹਿਰ ਹੈ, ਜਿੱਥੇ ਹਰ ਦੂਜੇ ਵਿਅਕਤੀ ਦਾ ਕੋਰੋਨਾ ਟੈਸਟ ਹੋ ਚੁੱਕਾ ਹੈ ਅਤੇ ਹੋਰ ਟੈਸਟ ਕੀਤੇ ਜਾਣ ਦੀ ਕਾਰਵਾਈ ਜਾਰੀ ਹੈ।
ਇਥੇ ਦਸ ਦਈਏ ਕਿ ਸ਼ਹਿਰ ਦੀ ਆਬਾਦੀ 12 ਲੱਖ ਦੇ ਕਰੀਬ ਹੈ। ਸਿਹਤ ਵਿਭਾਗ ਹੁਣ ਤਕ ਪੰਜ ਲੱਖ ਤੋਂ ਜ਼ਿਆਦਾ ਲੋਕਾਂ ਦਾ ਕੋਰੋਨਾ ਟੈਸਟ ਕਰਵਾ ਚੁੱਕਾ ਹੈ। ਵਿਭਾਗ ਹੁਣ ਤਕ 5,05,899 ਲੋਕਾਂ ਦੇ ਕੋਰੋਨਾ ਸੈਂਪਲ ਲੈ ਕੇ ਟੈਸਟਿੰਗ ਕਰ ਚੁੱਕਾ ਹੈ। 4,44,767 ਲੋਕਾਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਹੈ। ਸਿਹਤ ਵਿਭਾਗ ਰੋਜ਼ਾਨਾ ਤਿੰਨ ਤੋਂ ਚਾਰ ਹਜ਼ਾਰ ਲੋਕਾਂ ਦਾ ਕੋਰੋਨਾ ਟੈਸਟ ਕਰਦਾ ਹੈ। ਜ਼ਰੂਰਤਮੰਦ ਲੋਕਾਂ ਨੂੰ ਪ੍ਰਾਈਵੇਟ ਹਸਪਤਾਲ 'ਚ ਕੋਰੋਨਾ ਟੈਸਟ ਲਈ ਪੈਸੇ ਨਾ ਖਰਚ ਕਰਨ ਪੈਣ, ਇਸਲਈ ਸਿਹਤ ਵਿਭਾਗ ਵੱਲੋਂ ਰੋਜ਼ਾਨਾ ਸ਼ਹਿਰ 'ਚ ਵੱਖ-ਵੱਖ 7 ਤੋਂ 8 ਥਾਵਾਂ 'ਤੇ ਮੁਫ਼ਤ ਕੋਰੋਨਾ ਟੈਸਟ ਲਈ ਮੋਬਾਈਲ ਟੀਮ ਭੇਜੀ ਜਾਂਦੀ ਹੈ। ਇਸ ਤੋਂ ਇਲਾਵਾ ਸ਼ਹਿਰ ਦੇ ਸਾਰੇ ਸਰਕਾਰੀ ਹਸਪਤਾਲ, ਸਿਵਲ ਹਸਪਤਾਲ, ਡਿਸਪੈਂਸਰੀ ਤੇ ਕੈਂਪ ਲਾ ਕੇ ਲੋਕਾਂ ਦਾ ਮੁਫ਼ਤ ਕੋਰੋਨਾ ਟੈਸਟ ਕੀਤਾ ਜਾ ਰਿਹਾ ਹੈ।