ਚੰਡੀਗੜ੍ਹ : ਪੰਜਾਬ ਸਰਕਾਰ ਨੇ ‘ਵਿਸ਼ਵ ਨੋ ਤੰਬਾਕੂ ਦਿਵਸ’ ਦੇ ਮੌਕੇ ‘ਤੇ ਬੱਚਿਆਂ ਅਤੇ ਨੌਜਵਾਨਾਂ ਨੂੰ ਤੰਬਾਕੂ ਦੀ ਵਰਤੋਂ ਤੋਂ ਦੂਰ ਰੱਖਣ ਲਈ ਤੰਬਾਕੂ ਰੋਕਥਾਮ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਇੱਥੇ ਦੱਸਿਆ ਕਿ 31 ਮਈ ਤੋਂ 6 ਜੂਨ 2021 ਤੱਕ ਸਾਰੇ ਜਿ਼ਲ੍ਹਿਆਂ ਵਿੱਚ ਹਫ਼ਤੇ ਭਰ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਦੌਰਾਨ ਸਮੂਹ ਸਰਕਾਰੀ ਹਸਪਤਾਲਾਂ ਨੂੰ ਤੰਬਾਕੂ ਮੁਕਤ ਘੋਸਿ਼ਤ ਕੀਤਾ ਜਾਵੇਗਾ ਅਤੇ ਤੰਬਾਕੂ ਦੀ ਵਰਤੋਂ ਨਾ ਕਰਨ ਲਈ ਪ੍ਰਣ ਲਿਆ ਜਾਵੇਗਾ। ਲੋਕਾਂ ਵਿਚ ਜਾਗਰੂਕਤਾ ਫੈਲਾਉਣ ਲਈ ਰਾਜ ਪੱਧਰੀ ਤੰਬਾਕੂ ਰੋਕੂ ਰੇਡੀਓ ਮੁਹਿੰਮ ਅਤੇ ਬੱਸ ਅੱਡਿਆਂ `ਤੇ ਮੁਨਾਦੀ ਕਰਵਾ ਕੇ ਜਾਗਰੂਕ ਕਰਨ ਦਾ ਕੰਮ ਵੀ ਸ਼ੁਰੂ ਕੀਤਾ ਗਿਆ ਹੈ। ਸ. ਸਿੱਧੂ ਨੇ ਕਿਹਾ ਕਿ ਵਿਸ਼ਵ ਨੋ ਤੰਬਾਕੂ ਦਿਵਸ ਹਰ ਸਾਲ 31 ਮਈ ਨੂੰ ਦੁਨੀਆਂ ਭਰ ਵਿੱਚ ਮਨਾਇਆ ਜਾਂਦਾ ਹੈ। ਇਸ ਸਾਲ ‘ਵਿਸ਼ਵ ਨੋ ਤੰਬਾਕੂ ਦਿਵਸ 2021’ ਮੁਹਿੰਮ ਦਾ ਵਿਸ਼ਾ ‘ਛੱਡਣ ਲਈ ਪ੍ਰਣ ਕਰੋ’ ਹੈ। ਸਿਹਤ ਮੰਤਰੀ ਨੇ ਕਿਹਾ ਕਿ ਤੰਬਾਕੂ ਦੀ ਵਰਤੋਂ ਜਨਤਕ ਸਿਹਤ ਲਈ ਪੂਰੀ ਦੁਨੀਆਂ ਲਈ ਇੱਕ ਵੱਡਾ ਖ਼ਤਰਾ ਹੈ। ਤੰਬਾਕੂਨੋਸ਼ੀ ਕਰਨ ਵਾਲੇ ਜਿੱਥੇ ਖੁਦ ਮਾਰੂ ਬਿਮਾਰੀਆਂ ਅਤੇ ਜਲਦੀ ਮੌਤ ਦਾ ਸਿ਼ਕਾਰ ਹੁੰਦੇ ਹਨ ਉੱਥੇ ਹੀ ਉਹਨਾਂ ਵਿੱਚ ਜਨਤਕ ਥਾਵਾਂ ਤੇ ਥੁੱਕਣ ਦੀ ਪ੍ਰਵਿਰਤੀ ਆਮ ਹੁੰਦੀ ਹੈ ਅਤੇ ਜਿਸ ਨਾਲ ਕੋਵਿਡ- 19 ਵਰਗੀਆਂ ਲਾਗ ਦੀਆਂ ਭਿਆਨਕ ਬਿਮਾਰੀਆਂ ਦੇ ਫੈਲਣ ਦੇ ਜੋਖਮ ਹੋਰ ਵਧ ਜਾਂਦੇ ਹਨ। ਇਸ ਮੌਕੇ ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜਨਤਕ ਥਾਵਾਂ `ਤੇ ਤੰਬਾਕੂ ਦੀ ਵਰਤੋਂ ਜਾਂ ਥੁੱਕਣ ਤੋਂ ਗੁਰੇਜ਼ ਕਰਨ ਕਿਉਂਕਿ ਇਸ ਨੂੰ ਆਈਪੀਸੀ,1860 ਦੀ ਧਾਰਾ 268, 269 ਅਤੇ 278 ਦੇ ਤਹਿਤ ਪਾਬੰਦੀਸ਼ੁਦਾ ਕਰਾਰ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਸਿਹਤ ਵਿਭਾਗ ਨੇ ਤੰਬਾਕੂ ਕੰਟਰੋਲ ਨੂੰ ਇੱਕ ਪ੍ਰਮੁੱਖ ਪ੍ਰੋਗਰਾਮ ਵਜੋਂ ਲਿਆ ਹੈ। ਰਾਜ ਦੇ ਸਾਰੇ 22 ਜਿਲ੍ਹਿਆਂ ਨੂੰ ਤੰਬਾਕੂਨੋਸ਼ੀ ਮੁਕਤ ਘੋਸਿ਼ਤ ਕੀਤਾ ਗਿਆ ਹੈ। ਸੂਬੇ ਦੇ ਕੁੱਲ 739 ਪਿੰਡਾਂ ਨੇ ਆਪਣੇ ਆਪ ਨੂੰ ਤੰਬਾਕੂ ਮੁਕਤ ਘੋਸਿ਼ਤ ਕੀਤਾ ਹੈ। ਸਾਲ 2020-2021 ਦੌਰਾਨ ਸਿਗਰਟ ਅਤੇ ਹੋਰ ਤੰਬਾਕੂ ਉਤਪਾਦਾਂ ਐਕਟ, 2003 (ਕੋਟਪਾ, 2003) ਦੇ ਤਹਿਤ ਉਲੰਘਣਾ ਕਰਨ ਵਾਲਿਆਂ ਦੇ 8,177 ਚਲਾਨ ਕੀਤੇ ਗਏ। ਸਾਰੇ ਜਿ਼ਿਲ੍ਹਆਂ ਵਿਚ ਤੰਬਾਕੂ ਰੋਕੂ ਕੇਂਦਰ ਸਥਾਪਤ ਕੀਤੇ ਗਏ ਹਨ। ਇਨ੍ਹਾਂ ਕੇਂਦਰਾਂ ਵਿੱਚ ਮੁਫਤ ਕਾਉਂਸਲਿੰਗ ਸੇਵਾਵਾਂ ਅਤੇ ਤੰਬਾਕੂ ਛੁਡਾਉਣ ਵਾਲੀਆਂ ਦਵਾਈਆਂ ਜਿਵੇਂ ਬੁਪਰੋਪਿਨ, ਨਿਕੋਟਿਨ ਗੱਮ ਅਤੇ ਪੈਚ ਮੁਹੱਈਆ ਕਰਵਾਏ ਜਾ ਰਹੇ ਹਨ। ਸਾਲ 2020-21 ਵਿਚ ਕੁੱਲ 10,832 ਤੰਬਾਕੂਨੋਸ਼ਾਂ ਨੇ ਇਨ੍ਹਾਂ ਕੇਂਦਰਾਂ ਤੋਂ ਸੇਵਾਵਾਂ ਪ੍ਰਾਪਤ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਈ ਸਿਗਰੇਟ, ਹੁੱਕਾ ਬਾਰਾਂ ਤੇ ਸਮੇਂ ਸਿਰ ਪਾਬੰਦੀ ਲਗਾ ਕੇ ਅਤੇ ਕਾਲਜਾਂ / ਯੂਨੀਵਰਸਿਟੀਆਂ ਨੂੰ ਤੰਬਾਕੂ ਮੁਕਤ ਘੋਸਿ਼ਤ ਕਰਕੇ ਨੌਜਵਾਨਾਂ ਨੂੰ ਤੰਬਾਕੂ ਤੋਂ ਦੂਰ ਰੱਖਣ ਵੱਲ ਧਿਆਨ ਕੇਂਦਰਤ ਕਰਨ ਵਾਲਾ ਮੋਹਰੀ ਸੂਬਾ ਹੈ। ਰਾਜ ਤੰਬਾਕੂ ਦੇ ਇਸ ਖਤਰੇ ਨੂੰ ਠੱਲ ਪਾਉਣ ਲਈ ਤੰਬਾਕੂ ਵਿਕਰੇਤਾਵਾਂ ਨੂੰ ਲਾਇਸੈਂਸ ਦੇਣ `ਤੇ ਵੀ ਕੰਮ ਕਰ ਰਿਹਾ ਹੈ ਕਿਉਂਕਿ ਅਜਿਹੇ ਕਦਮ ਛੋਟੇ ਬੱਚਿਆਂ ਅਤੇ ਨੌਜਵਾਨਾਂ ਨੂੰ ਤੰਬਾਕੂ ਦੇ ਰਾਹ ਤੋਂ ਮੋੜਨ ਲਈ ਬਹੁਤ ਮਦਦਗਾਰ ਸਾਬਿਤ ਹੋ ਸਕਦੇ ਹਨ।