ਚੰਡੀਗੜ੍ਹ: ਕੋਟਕਪੂਰਾ ਗੋਲੀਕਾਂਡ ਮਾਮਲੇ ਸਬੰਧੀ ਕੁੱਝ ਦਿਨ ਪਹਿਲਾਂ ਹੀ ਨਵੀਂ ਜਾਂਚ ਏਜੰਸੀ ਬਣੀ ਸੀ ਜਿਸ ਨੇ ਬੀਤੀ ਰਾਤ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਤੋਂ ਪੁੱਛਗਿੱਛ ਕੀਤੀ। ਇਸ ਤੋਂ ਬਾਅਦ ਇਕਬਾਲ ਪ੍ਰੀਤ ਸਹੋਤਾ ਅਤੇ ਰੋਹਿਤ ਚੌਧਰੀ ਤੋਂ ਪੁੱਛਗਿੱਛ ਕੀਤੀ ਗਈ। ਜਾਣਕਾਰੀ ਮਿਲੀ ਹੈ ਕਿ ਇਹ ਪੜਤਾਲ ਲੱਗਭੱਗ ਸਾਡੇ ਚਾਰ ਘੰਟੇ ਤਕ ਚੱਲੀ। SIT ਨੇ ਪਰਮਰਾਜ ਸਿੰਘ ਉਮਰਾਨੰਗਲ ਨੂੰ ਵੀ ਪੁੱਛਗਿੱਛ ਲਈ ਬੁਲਾਇਆ ਸੀ ਪਰ ਸਮਾਂ ਨਾ ਹੋਣ ਕਾਰਨ ਮੁੜ ਬੁਲਾਇਆ ਗਿਆ ਹੈ। ਇਥੇ ਦਸਣਯੋਗ ਹੈ ਕਿ ਕੋਟਕਪੂਰਾ ਗੋਲੀਕਾਂਡ ਮਾਮਲੇ ਵਿੱਚ ਕੁੰਵਰ ਵਿਜੇ ਪ੍ਰਤਾਪ ਦੀ ਐਸਆਈਟੀ ਨੂੰ ਹਾਈ ਕੋਰਟ ਨੇ ਰੱਦ ਕਰਨ ਤੋਂ ਬਾਅਦ ਨਵੀਂ ਐਸਆਈਟੀ ਬਣਾਈ ਸੀ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਟੀਮ ਦੀ ਕੋਸਿ਼ਸ਼ ਇਹ ਹੈ ਕਿ ਪਤਾ ਲਾਇਆ ਜਾਵੇ ਕਿ ਉਸ ਵਕਤ ਪ੍ਰਦਰਸ਼ਨਕਾਰੀਆਂ ਉਤੇ ਗੋਲੀਆਂ ਚਲਾਉਣ ਦਾ ਆਰਡਰ ਕਿਸ ਨੇ ਦਿਤਾ ਸੀ ਅਤੇ ਗੋਲੀਬਾਰੀ ਤੋਂ ਪਹਿਲਾਂ ਕੀ ਵਾਪਰਿਆ । ਦਰਅਸਲ ਚੰਡੀਗੜ੍ਹ ਦੇ ਸੈਕਟਰ -32 ਸਥਿਤ ਪੰਜਾਬ ਪੁਲਿਸ ਅਧਿਕਾਰੀ ਇੰਸਟੀਚਿਊਟ 'ਚ SIT ਨੇ ਸਵੇਰੇ 11 ਵਜੇ ਤੋਂ ਰਾਤ 9 ਵਜੇ ਤੱਕ ਪੁੱਛਗਿੱਛ ਕੀਤੀ। ਇਸ ਦੌਰਾਨ ਸੁਮੇਧ ਸੈਣੀ ਨੂੰ ਕਈ ਪ੍ਰਸ਼ਨਾਂ ਦੇ ਜਵਾਬ ਦੇਣ ਲਈ ਕਿਹਾ ਗਿਆ। ਇਹ ਸਵਾਲ ਵੀ ਕੀਤੇ ਗਏ ਸਨ ਕਿ ਉਸ ਵਕਤ ਸੈਣੀ ਕਿਸ ਨਾਲ ਮੋਬਾਈਲ 'ਤੇ ਸੰਪਰਕ ਵਿੱਚ ਸੀ। ਇਥੇ ਦਸ ਦਈਏ ਕਿ ਕੁੱਝ ਦਿਨ ਪਹਿਲਾਂ ਐਸਆਈਟੀ ਵੱਲੋਂ ਸੁਮੇਧ ਸੈਣੀ ਨੂੰ ਪਹਿਲਾਂ ਨੋਟਿਸ ਭੇਜਿਆ ਗਿਆ ਸੀ। ਹੁਣ ਅੰਦਾਜ਼ਾ ਇਹ ਲਾਇਆ ਜਾ ਰਿਹਾ ਹੈ ਕਿ ਇਸ ਪੁੱਛਗਿੱਛ ਸਬੰਧੀ ਸਿਟ ਮੀਡੀਆ ਨੂੰ ਕੀ ਜਾਣਕਾਰੀ ਦਵੇਗੀ।