ਚੰਡੀਗੜ੍ਹ : ਸੰਯੁਕਤ ਕਿਸਾਨ ਮੋਰਚੇ 'ਚ ਸ਼ਾਮਿਲ ਪੰਜਾਬ ਦੀਆਂ 32 ਕਿਸਾਨ-ਜਥੇਬੰਦੀਆਂ ਵੱਲੋਂ ਜਾਰੀ ਕਿਸਾਨੀ-ਧਰਨਿਆਂ ਦੇ 246ਵੇਂ ਦਿਨ ਵੀ ਵੱਡੀਆਂ ਗਿਣਤੀਆਂ ਨਾਲ ਜਾਰੀ ਰਹੇ। ਔਰਤਾਂ ਅਤੇ ਨੌਜਵਾਨਾਂ ਦੀ ਵੱਡੀ ਸ਼ਮੂਲੀਅਤ ਲਗਾਤਾਰ ਜਾਰੀ ਹੈ। ਭਰਾਤਰੀ ਜਥੇਬੰਦੀਆਂ ਵਜੋਂ ਮਜ਼ਦੂਰ, ਨੌਜਵਾਨ, ਵਿਦਿਆਰਥੀਆਂ, ਮੁਲਾਜ਼ਮ, ਸਾਹਿਤਕਾਰ, ਰੰਗਕਰਮੀਆਂ, ਵਪਾਰੀਆਂ ਅਤੇ ਟਰਾਂਂਸਪੋਰਟਰਾਂ ਵੱਲੋਂ ਵੀ ਬਣਦਾ ਸਹਿਯੋਗ ਦਿੱਤਾ ਜਾ ਰਿਹਾ ਹੈ। ਪੰਜਾਬ ਭਰ 'ਚ 108 ਥਾਵਾਂ- ਟੋਲ-ਪਲਾਜ਼ਿਆਂ, ਰਿਲਾਇੰਸ ਪੰਪਾਂ, ਕਾਰਪੋਰੇਟ ਮਾਲਜ਼, ਰੇਲਵੇ ਪਾਰਕਾਂ, ਅਡਾਨੀਆਂ ਦੀ ਖੁਸ਼ਕ ਬੰਦਰਗਾਹ ਅਤੇ ਭਾਜਪਾ ਆਗੂਆਂ ਦੇ ਘਰਾਂ ਸਾਹਮਣੇ ਜਾਰੀ ਧਰਨਿਆਂ 'ਚ ਕਿਸਾਨ-ਆਗੂਆਂ ਨੇ ਸੰਬੋਧਨ ਕਰਦਿਆਂ ਕਿਸਾਨ-ਆਗੂਆਂ ਨੇ ਕਿਹਾ ਕਿ 5 ਜੂਨ ਨੂੰ 'ਸੰਪੂਰਨ ਕ੍ਰਾਂਤੀ ਦਿਹਾੜਾ' ਮਨਾਉਂਦਿਆਂ ਭਾਜਪਾ ਆਗੂਆਂ ਦੇ ਘਰਾਂ-ਦਫ਼ਤਰਾਂ ਅੱਗੇ ਖੇਤੀ-ਕਾਨੂੰਨਾਂ ਦੀਆਂ ਕਾਪੀਆਂ ਫੂਕਣ ਸਬੰਧੀ ਪ੍ਰੋਗਰਾਮਾਂ ਦੀਆਂ ਤਿਆਰੀਆਂ ਜ਼ੋਰਾਂ 'ਤੇ ਹਨ।
ਕੇਂਦਰ-ਸਰਕਾਰ ਵੱਲੋਂ ਲਿਆਂਦੇ 3 ਖੇਤੀ-ਕਾਨੂੰਨਾਂ, ਬਿਜ਼ਲੀ ਸੋਧ ਬਿਲ-2020 ਅਤੇ ਪਰਾਲੀ ਆਰਡੀਨੈਂਸ ਰੱਦ ਕਰਵਾਉਣ ਲਈ ਵੱਖ-ਵੱਖ ਕਿਸਾਨ-ਜਥੇਬੰਦੀਆਂ ਵੱਲੋਂ ਹਰ ਰੋਜ਼ 150-200 ਪਿੰਡਾਂ 'ਚ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਅਤੇ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਕੇਂਦਰ-ਸਰਕਾਰ ਦੇ ਅੜੀਅਲ ਵਤੀਰੇ ਨੂੰ ਤੋੜਨ ਦਾ ਇੱਕੋ-ਇੱਕ ਹੱਲ ਜਥੇਬੰਦਕ ਲੰਮੇ ਸੰਘਰਸ਼ ਹਨ।ਭਾਰਤੀ ਕਿਸਾਨ ਯੂਨੀਅਨ(ਕਾਦੀਆਂ) ਦੇ ਪ੍ਰਧਾਨ ਹਰਮੀਤ ਸਿੰਘ ਕਾਦੀਆਂ, ਭਾਰਤੀ ਕਿਸਾਨ ਯੂਨੀਅਨ(ਸਿੱਧੂਪੁਰ) ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਅਤੇ ਭਾਰਤੀ ਕਿਸਾਨ ਯੂਨੀਅਨ(ਏਕਤਾ-ਡਕੌਂਦਾ) ਦੇ ਜਨਰਲ-ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਕਿਹਾ ਕਿ 500 ਦੇ ਕਰੀਬ ਕਿਸਾਨਾਂ ਦੀਆਂ ਸ਼ਹਾਦਤਾਂ ਤੋਂ ਬਾਅਦ ਵੀ ਪ੍ਰਧਾਨਮੰਤਰੀ ਮੰਤਰੀ ਨਰਿੰਦਰ ਮੋਦੀ ਦਾ ਗੱਲਬਾਤ ਲਈ ਅੱਗੇ ਨਾ ਆਉਣਾ ਇਹ ਸਾਬਿਤ ਕਰਦਾ ਹੈ ਕਿ ਉਹ ਕਿਸਾਨਾਂ ਦੇ ਨਹੀਂ, ਕਾਰਪੋਰੇਟ-ਘਰਾਣਿਆਂ ਦੇ ਹਿੱਤਾਂ ਲਈ ਫਿਕਰਮੰਦ ਹਨ।
ਕਿਸਾਨ-ਆਗੂਆਂ ਨੇ ਕਿਹਾ ਕਿ ਕੇਂਦਰ-ਸਰਕਾਰ ਵੱਲੋਂ ਕਿਸਾਨ ਮੋਰਚਿਆਂ ਨੂੰ ਕਰੋਨਾ ਫੈਲਾਉਣ ਦੇ ਕੇਂਦਰਾਂ ਵਜੋਂ ਪ੍ਰਚਾਰਨ ਦੀਆਂ ਨਾਪਾਕ ਕੋਸ਼ਿਸਾਂ ਹੋ ਰਹੀਆਂ ਹਨ ਅਤੇ ਇਸ ਪ੍ਰਚਾਰ ਰਾਹੀਂ ਸੰਘਰਸ਼ ਨੂੰ ਦਬਾਉਣ ਦੇ ਵਾਰ-ਵਾਰ ਯਤਨ ਹੋ ਰਹੇ ਹਨ। ਪਰ ਅਜੇ ਤੱਕ ਇਹਨਾਂ ਇਰਾਦਿਆਂ ’ਚ ਕਾਮਯਾਬੀ ਨਹੀਂ ਮਿਲ ਰਹੀ। ਕਿਸਾਨਾਂ ਵੱਲੋਂ ਇਸ ਨੀਅਤ ਨੂੰ ਬੁੱੱਝ ਕੇ ਦਿਖਾਈ ਜਾ ਰਹੀ ਚੌਕਸੀ, ਅਤੇ ਲਾਮਬੰਦੀ ਦੀ ਚੜ੍ਹਤ ਨੂੰ ਬਰਕਰਾਰ ਰੱਖਣ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਇਹਨਾਂ ਮਨਸੂਬਿਆਂ ਮੂਹਰੇ ਅੜਿੱਕੇ ਬਣੇ ਹੋਏ ਹਨ। ਹਰਿਆਣੇ ਅੰਦਰ ਵੀ ਕਿਸਾਨਾਂ ਦੇ ਰੋਹ ਨੂੰ ਭਾਜਪਾਈ ਹਕੂਮਤ ਵੱਲੋਂ ਡੱਕਣਾ ਮੁਸ਼ਕਿਲ ਹੋਇਆ ਪਿਆ ਹੈ। ਹਰਿਆਣੇ ਦੇ ਕਿਸਾਨਾਂ ਦਾ ਰੌਂਅ ਸੰਘਰਸ਼ ਨੂੰ ਭਖਾਈ ਰੱਖਣ ਅਤੇ ਜੋਸ਼ ਬਰਕਰਾਰ ਰੱਖਣ ’ਚ ਮਹੱਤਵਪੂਰਨ ਵਰਤਾਰਾ ਸਾਬਤ ਹੋ ਰਿਹਾ ਹੈ।