ਚੰਡੀਗੜ੍ਹ : ਪੰਜਾਬ ਸਰਕਾਰ ਨੇ ਮੁਲਾਜ਼ਮ ਵਰਗ ਨੂੰ ਮੁੜ ਝਟਕਾ ਦਿੰਦਿਆਂ 6ਵੇਂ ਤਨਖ਼ਾਹ ਕਮਿਸ਼ਨ ਦੀ ਮਿਆਦ ਇਕ ਵਾਰ ਫਿਰ 31 ਅਗਸਤ ਤਕ ਵਧਾ ਦਿਤੀ ਹੈ। ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਬਜਟ ਭਾਸ਼ਨ ਵਿਚ ਐਲਾਨ ਕੀਤਾ ਸੀ ਕਿ ਤਨਖ਼ਾਹ ਕਮਿਸ਼ਨ ਦੀ ਰੀਪੋਰਟ 1 ਜੁਲਾਈ ਤੋਂ ਲਾਗੂ ਕਰ ਦਿਤੀ ਜਾਵੇਗੀ ਪਰ ਸਰਕਾਰ ਨੂੰ ਹੁਣ ਫਿਰ ਅਪਣੀ ਕਥਨੀ ਤੋਂ ਮੁੱਕਰ ਗਈ ਹੈ ਜਿਸ ਕਾਰਨ ਮੁਲਾਜ਼ਮ ਯੂਨੀਅਨਾਂ ਅੰਦਰ ਕਾਫ਼ੀ ਰੋਸ ਹੈ ਅਤੇ ਉਹ ਸਰਕਾਰ ਵਿਰੁਧ ਤਿੱਖਾ ਸੰਘਰਸ਼ ਵਿੱਢਣ ਦੀ ਤਿਆਰੀ ਕਰਨ ਲੱਗ ਪਈਆਂ ਹਨ। ਮੁਲਾਜ਼ਮ ਯੂਨੀਅਨਾਂ ਨੂੰ ਆਸ ਸੀ ਕਿ ਬਜਟ ਐਲਾਨ ਮੁਤਾਬਕ ਰੀਪੋਰਟ ਲਾਗੂ ਹੋ ਜਾਵੇਗੀ ਪਰ ਕੈਪਟਨ ਸਰਕਾਰ ਨੇ ਇਕ ਵਾਰ ਫਿਰ ਮੁਲਾਜ਼ਮਾਂ ਨੂੰ ਨਿਰਾਸ਼ ਕਰ ਦਿਤਾ ਹੈ। ਸੂਤਰਾਂ ਮੁਤਾਬਕ ਕਮਿਸ਼ਨ ਨੇ ਅਪਣੀ ਰੀਪੋਰਟ ਦਾ ਭਾਗ ਪਹਿਲਾ ਹੀ ਹਾਲੇ ਸਰਕਾਰ ਨੂੰ ਸੌਂਪਿਆ ਹੈ ਜਦਕਿ ਦੂਜਾ ਭਾਗ ਸੌਂਪਣਾ ਬਾਕੀ ਹੈ।