ਰੋਮ : ਇਟਲੀ ਨੇ ਯੂਰੋ ਫੁੱਟਬਾਲ ਟੂਰਨਾਮੈਂਟ ਵਿੱਚ ਆਪਣੀ ਮੁਹਿੰਮ ਦੀ ਸ਼ੁਰੂਆਤ ਤੁਰਕੀ ਨੂੰ 3-0 ਨਾਲ ਹਰਾ ਕੇ ਜਿੱਤ ਨਾਲ ਕੀਤੀ। ਸ਼ੁੱਕਰਵਾਰ ਰਾਤ ਨੂੰ ਗਰੁੱਪ-ਏ ਵਿੱਚ ਤਕਰੀਬਨ 16000 ਦਰਸ਼ਕਾਂ ਦੀ ਹਾਜ਼ਰੀ ਵਿੱਚ ਖੇਡੇ ਗਏ ਇਸ ਮੈਚ ਵਿੱਚ ਦੋਵੇਂ ਟੀਮਾਂ ਨੇ ਚੰਗੀ ਸ਼ੁਰੂਆਤ ਕੀਤੀ। ਅੱਧੇ ਸਮੇਂ ਤੱਕ ਕੋਈ ਵੀ ਟੀਮ ਗੋਲ ਨਹੀਂ ਕਰ ਸਕੀ। ਇਟਲੀ ਨੂੰ ਮੈਚ ਦਾ ਪਹਿਲਾ ਗੋਲ ਆਤਮਘਾਤੀ ਗੋਲ ਵਜੋਂ ਮਿਲਿਆ, ਜੋ ਤੁਰਕੀ ਦੇ ਖਿਡਾਰੀ ਮਰਿਹ ਡੈਮਿਰਲ ਨੇ 53ਵੇਂ ਮਿੰਟ ਵਿੱਚ ਕੀਤਾ। ਇਸ ਤੋਂ ਬਾਅਦ ਮੈਚ ਦੇ 66ਵੇਂ ਮਿੰਟ ਵਿੱਚ ਇਮੋਬਿਲ ਨੇ ਗੋਲ ਕਰਕੇ ਇਟਲੀ ਨੂੰ 2-0 ਦੀ ਬੜ੍ਹਤ ਦਿਵਾ ਦਿੱਤੀ। ਇਨਸੀਗਨੇ ਨੇ ਮੈਚ ਦੇ 79ਵੇਂ ਮਿੰਟ ਵਿੱਚ ਇਟਲੀ ਲਈ ਤੀਸਰਾ ਗੋਲ ਕੀਤਾ ਅਤੇ ਸਕੋਰ 3-0 ਨਾਲ ਅੱਗੇ ਹੋ ਗਿਆ। ਅੰਤ ਵਿੱਚ ਇਹ ਸਕੋਰ ਫੈਸਲਾਕੁਨ ਸਾਬਤ ਹੋਇਆ। ਦੱਸ ਦੇਈਏ ਕਿ ਇਹ ਪਹਿਲੀ ਵਾਰ ਯੂਰਪੀਅਨ ਚੈਂਪੀਅਨਸ਼ਿਪ ਵਿੱਚ ਵਾਪਰਿਆ ਹੈ, ਜਦੋਂ ਇਟਲੀ ਨੇ ਤਿੰਨ ਗੋਲ ਕੀਤੇ ਹਨ। ਇਸ ਜਿੱਤ ਤੋਂ ਬਾਅਦ ਇਟਲੀ ਉਨ੍ਹਾਂ ਦੇ ਸਮੂਹ ਵਿਚ ਸਿਖਰ 'ਤੇ ਹੈ। ਤੁਰਕੀ ਦਾ ਮੁਕਾਬਲਾ ਬੁੱਧਵਾਰ ਨੂੰ ਗਰੁੱਪ ਏ ਵਿੱਚ ਵੇਲਜ਼ ਨਾਲ ਹੋਵੇਗਾ ਜਦਕਿ ਇਟਲੀ ਦਾ ਮੁਕਾਬਲਾ ਰੋਮ ਵਿੱਚ ਸਵਿਟਜ਼ਰਲੈਂਡ ਨਾਲ ਹੋਵੇਗਾ।