ਸਾਊਥਐਂਪਟਨ : ਕ੍ਰਿਕਟਰ ਇਸ਼ਾਂਤ ਸ਼ਰਮਾ ਨੇ ਭਾਰਤ ਅਤੇ ਨਿਊਜ਼ੀਲੈਂਡ ਵਿਚ ਖੇਡੇ ਜਾ ਰਹੇ ਡਬਲਯੂਟੀਸੀ ਦੇ ਫਾਈਨਲ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸਾਬਕਾ ਭਾਰਤੀ ਕਪਤਾਨ ਕਪਿਲ ਦੇਵ ਦਾ ਰਿਕਾਰਡ ਤੋੜ ਦਿਤਾ ਹੈ। ਇਸ ਦੇ ਨਾਲ ਹੀ ਇਸ਼ਾਂਤ ਸ਼ਰਮਾ ਇੰਗਲੈਂਡ ਵਿੱਚ ਭਾਰਤ ਲਈ ਸਭ ਤੋਂ ਜ਼ਿਆਦਾ ਟੈਸਟ ਵਿਕੇਟ ਲੈਣ ਵਾਲੇ ਭਾਰਤੀ ਗੇਂਦਬਾਜ਼ ਬਣ ਗਏ ਹਨ। ਦਰਅਸਲ ਇਸ਼ਾਂਤ ਸ਼ਰਮਾ ਨੇ ਤੀਜੇ ਦਿਨ ਦੀ ਖੇਡ ਖਤਮ ਹੋਣ ਤੋਂ ਠੀਕ ਪਹਿਲਾਂ ਕੌਨਵੇ ਦੇ ਵਿਕੇਟ ਦੇ ਰੂਪ ਵਿੱਚ ਭਾਰਤ ਨੂੰ ਇੱਕ ਮਹੱਤਵਪੂਰਨ ਸਫਲਤਾ ਦਿਵਾਈ। ਭਾਰਤੀ ਟੀਮ 217 ਦੌੜਾਂ 'ਤੇ ਆਲ ਆਊਟ ਹੋ ਗਈ ਸੀ ਅਤੇ ਨਿਊ ਜ਼ੀਲੈਂਡ ਦੇ ਸਲਾਮੀ ਬੱਲੇਬਾਜ਼ ਡੇਵਿਡ ਕੌਨਵੇ ਨੇ ਭਾਰਤ ਦੀਆਂ ਮੁਸੀਬਤਾਂ ਨੂੰ ਹੋਰ ਵਧਾ ਦਿੱਤਾ। ਕੌਨਵੇ ਦੀ ਵਿਕਟ ਹਾਸਲ ਕਰਨ ਦੇ ਨਾਲ ਇਸ਼ਾਂਤ ਸ਼ਰਮਾ ਦੀਆਂ ਇੰਗਲੈਂਡ ਵਿੱਚ ਵਿਕਟਾਂ ਦੀ ਗਿਣਤੀ 44 ਹੋ ਗਈ। ਇਸ ਤੋਂ ਪਹਿਲਾਂ ਇੰਗਲੈਂਡ ਵਿੱਚ ਕਪਿਲ ਦੇਵ ਨੇ 43 ਟੈਸਟ ਵਿਕੇਟ ਲਏ ਸਨ ਅਤੇ ਉਹ ਇੰਗਲੈਂਡ ਵਿਚ ਸਭ ਤੋਂ ਵੱਧ ਵਿਕਟ ਲੈਣ ਵਾਲੇ ਭਾਰਤੀ ਗੇਂਦਬਾਜ਼ ਸਨ। ਹੁਣ ਇਹ ਰਿਕਾਰਡ ਹੁਣ ਇਸ਼ਾਂਤ ਸ਼ਰਮਾ ਆਪਣੇ ਨਾਮ ਦਰਜ ਕਰਾਉਣ ਵਿਚ ਕਾਮਯਾਬ ਹੋ ਗਏ ਹਨ। ਇਸ਼ਾਂਤ ਸ਼ਰਮਾ ਇੰਗਲੈਂਡ ਦੀ ਧਰਤੀ 'ਤੇ 13ਵਾਂ ਟੈਸਟ ਮੈਚ ਖੇਡ ਰਹੇ ਹਨ। ਇਥੇ ਦਸ ਦਈਏ ਕਿ ਭਾਰਤ ਦੇ ਸਾਬਕਾ ਸਪਿਨਰ ਅਨਿਲ ਕੁੰਬਲੇ ਇੰਗਲੈਂਡ ਵਿਚ ਸਭ ਤੋਂ ਜ਼ਿਆਦਾ ਟੈਸਟ ਵਿਕਟਾਂ ਲੈਣ ਦੇ ਮਾਮਲੇ ਵਿੱਚ ਤੀਜੇ ਸਥਾਨ 'ਤੇ ਹਨ। ਅਨਿਲ ਕੁੰਬਲੇ ਨੇ 10 ਟੈਸਟ ਮੈਚਾਂ ਵਿੱਚ 36 ਵਿਕਟਾਂ ਲਈਆਂ ਹਨ। ਬਿਸ਼ਨ ਸਿੰਘ ਬੇਦੀ 35 ਵਿਕਟਾਂ ਨਾਲ ਚੌਥੇ ਤੇ ਜ਼ਹੀਰ ਖਾਨ 31 ਵਿਕਟਾਂ ਨਾਲ ਪੰਜਵੇਂ ਸਥਾਨ 'ਤੇ ਹਨ।