ਚੰਡੀਗੜ੍ਹ : ਚੰਡੀਗੜ੍ਹ 'ਚ ਕੋਰੋਨਾ ਮਾਮਲਿਆਂ ਵਿਚ ਕਮੀ ਆਉਣ ਕਾਰਨ ਪ੍ਰਸ਼ਾਸਨ ਵੱਲੋਂ ਛੋਟਾਂ ਦਿੱਤੀਆਂ ਗਈਆਂ ਹਨ। ਨਵੇਂ ਹੁਕਮ ਅਨੁਸਾਰ ਹੁਣ ਚੰਡੀਗੜ੍ਹ ਦੀਆਂ ਸਾਰੀਆਂ ਦੁਕਾਨਾਂ ਸਵੇਰੇ 10 ਵਜੇ ਤੋਂ ਰਾਤ 8 ਵਜੇ ਤੱਕ ਖੁੱਲ੍ਹਣਗੀਆਂ। ਸਾਰੇ ਰੈਸਟੋਰੈਂਟ ਹੁਣ 50 ਪ੍ਰਤੀਸ਼ਤ ਸਮਰੱਥਾ ਨਾਲ ਸਵੇਰੇ 10 ਵਜੇ ਤੋਂ ਰਾਤ 10.30 ਵਜੇ ਤਕ ਖੁੱਲ੍ਹਣਗੇ। ਰਾਤ ਦੇ ਕਰਫਿਊ ਵਿਚ ਵੀ ਢਿੱਲ ਦਿੱਤੀ ਗਈ ਹੈ। ਹੁਣ ਰਾਤ ਦਾ 11 ਵਜੇ ਤੋਂ ਸਵੇਰੇ 5 ਵਜੇ ਤੱਕ ਕਰਫਿਊ ਰਹੇਗਾ। ਹੁਣ 30 ਦੀ ਬਜਾਏ 50 ਵਿਅਕਤੀ ਵਿਆਹ, ਸੰਸਕਾਰ ਅਤੇ ਹੋਰ ਸਮਾਜਿਕ ਸਮਾਗਮਾਂ ਵਿੱਚ ਭਾਗ ਲੈਣ ਦੇ ਯੋਗ ਹੋ ਜਾਣਗੇ। ਸਪੋਰਟਸ ਕੰਪਲੈਕਸ ਮੈਂਬਰਾਂ ਲਈ ਖੁੱਲਾ ਹੈ ਪਰ ਕੋਰੋਨਾ ਨਿਯਮਾਂ ਦਾ ਖਿਆਲ ਰੱਖਣਾ ਪਏਗਾ। ਸੁਖਨਾ ਝੀਲ 'ਤੇ 50 ਪ੍ਰਤੀਸ਼ਤ ਬੋਟਿੰਗ ਸ਼ੁਰੂ ਕਰਨ ਦੀ ਪ੍ਰਵਾਨਗੀ ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਨੇ ਕੋਵਿਡ ਵਾਰ ਰੂਮ ਦੀ ਮੀਟਿੰਗ ਵਿੱਚ ਇਹ ਫ਼ੈਸਲੇ ਲਏ ਹਨ। ਬੀਤੇ ਦਿਨੀਂ ਪੰਜਾਬ ਵਿੱਚ ਕੋਰੋਨਾ ਦੇ 340 ਕੇਸ ਸਾਹਮਣੇ ਆਏ ਅਤੇ 24 ਲੋਕਾਂ ਨੇ ਦਮ ਤੋੜਿਆ। ਪੰਜਾਬ ਵਿਚ ਹੁਣ ਤੱਕ ਤੋਂ ਕੋਰੋਨਾ ਦੇ 592658 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿੱਚੋਂ 570327 ਸਿਹਤਯਾਬ ਹੋ ਕੇ ਘਰਾਂ ਪਰਤ ਚੁੱਕੇ ਹਨ, ਜਦਕਿ 7421 ਮਾਮਲੇ ਅਜੇ ਵੀ ਐਕਟਿਵ ਹਨ। ਹੁਣ ਤੱਕ ਸੂਬੇ ਵਿੱਚ ਕੋਰੋਨਾ ਨਾਲ 15854 ਲੋਕ ਮੌਤ ਦੇ ਮੂੰਹ ਵਿੱਚ ਜਾ ਚੁੱਕੇ ਹਨ, ਜਦਕਿ 1861 ਲੋਕ ਆਕਸੀਜਨ ਸੁਪੋਰਟ 'ਤੇ ਹਨ। ਉਥੇ ਹੀ 437 ਮਰੀਜ਼ਾਂ ਦੀ ਹਾਲਤ ਗੰਭੀਰ ਹੈ ਅਤੇ 156 ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ ਹੈ। ਇਹ ਅੰਦਾਜਾ ਲਾਇਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਲੋਕਾਂ ਨੂੰ ਹੋਰ ਰਾਹਤ ਮਿਲ ਸਕਦੀ ਹੈ ਅਤੇ ਸਕੂਲ ਅਤੇ ਹੋਰ ਅਦਾਰੇ ਵੀ ਖੋਲ੍ਹੇ ਜਾ ਸਕਦੇ ਹਨ।