ਚੰਡੀਗੜ੍ਹ: ਬਹਿਬਲ ਕਲਾਂ ਗੋਲੀ ਕਾਂਡ ਦੀ ਜਾਂਚ ਲਈ ਬਣਾਈ ਗਈ ਵਿਸ਼ੇਸ਼ ਜਾਂਚ ਟੀਮ ਨੇ ਹੁਣ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਪੇਸ਼ੀ ਲਈ ਸੰਮਨ ਭੇਜੇ ਹਨ। ਇਸ ਟੀਮ ਨੇ ਕਲ ਹੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਕੋਲੋਂ ਪੁੱਛ-ਪੜਤਾਲ ਕੀਤੀ ਸੀ। ਸੂਤਰਾਂ ਨੇ ਦਸਿਆ ਕਿ ਐਸ.ਆਈ.ਟੀ. ਨੇ ਸੁਖਬੀਰ ਨੂੰ 26 ਜੂਨ ਨੂੰ ਤਲਬ ਕੀਤਾ ਹੈ। ਉਨ੍ਹਾਂ ਨੂੰ ਚੰਡੀਗੜ੍ਹ ਦੇ ਸੈਕਟਰ 32 ਵਿਚ ਪੈਂਦੇ ਪੰਜਾਬ ਪੁਲਿਸ ਦੇ ਮਿੰਨੀ ਹੈਡਕੁਆਰਟਰ ਵਿਚ ਤਲਬ ਕੀਤਾ ਗਿਆ ਹੈ ਜਿਥੇ ਉਨ੍ਹਾਂ ਕੋਲੋਂ ਗੋਲੀ ਕਾਂਡ ਸਬੰਧੀ ਪੁੱਛ-ਪੜਤਾਲ ਕੀਤੀ ਜਾਵੇਗੀ।
ਅਕਾਲੀ ਦਲ ਪਹਿਲਾਂ ਹੀ ਕਹਿ ਚੁੱਕਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਇਸ ਮਾਮਲੇ ਵਿਚ ਸਿਆਸਤ ਕਰ ਰਹੀ ਹੈ ਜਦਕਿ ਅਕਾਲੀ ਦਲ ਦੇ ਆਗੂਆਂ ਦਾ ਇਸ ਗੋਲੀ ਕਾਂਡ ਨਾਲ ਕੋਈ ਲੈਣਾ-ਦੇਣਾ ਨਹੀਂ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਵਿਰੁਧ ਸਿੱਖਾਂ ਦੇ ਪ੍ਰਦਰਸ਼ਨ ਦੌਰਾਨ ਪੁਲਿਸ ਦੀ ਗੋਲੀ ਚੱਲਣ ਨਾਲ ਦੋ ਸਿੱਖ ਮਾਰੇ ਗਏ ਸਨ। ਉਸ ਮਾਮਲੇ ਦੀ ਜਾਂਚ ਲਈ ਇਹ ਟੀਮ ਬਣਾਈ ਗਈ ਹੈ। ਪਿਛਲੀ ਟੀਮ ਨੂੰ ਹਾਈ ਕੋਰਟ ਨੇ ਖ਼ਾਰਜ ਕਰ ਦਿਤਾ ਸੀ ਜਿਸ ਕਾਰਨ ਕੁਝ ਸਮਾਂ ਪਹਿਲਾਂ ਪੰਜਾਬ ਸਰਕਾਰ ਨੇ ਨਵੀਂ ਟੀਮ ਦਾ ਗਠਨ ਕੀਤਾ ਸੀ।