ਚੰਡੀਗੜ੍ਹ : ਕਾਦੀਆਂ ਤੋਂ ਕਾਂਗਰਸੀ ਵਿਧਾਇਕ ਫ਼ਤਿਹਜੰਗ ਬਾਜਵਾ ਨੇ ਅਪਣੇ ਪੁੱਤਰ ਅਰਜੁਨ ਬਾਜਵਾ ਨੂੰ ਹੋਈ ਸਰਕਾਰੀ ਨੌਕਰੀ ਦੀ ਪੇਸ਼ਕਸ਼ ਨੂੰ ਪ੍ਰਵਾਨ ਨਾ ਕਰਦਿਆਂ ਕਾਂਗਰਸ ਦੇ ਬਾਕੀ ਆਗੂਆਂ ਨੂੰ ਵੀ ਅਜਿਹਾ ਕਰਨ ਦੀ ਨਸੀਹਤ ਦਿਤੀ ਹੈ। ਇਥੇ ਪੱਤਰਕਾਰ ਸੰਮੇਲਨ ਦੌਰਾਨ ਬਾਜਵਾ ਨੇ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖ਼ੜ ਅਤੇ ਪੰਜਾਬ ਦੇ ਦੋ ਮੰਤਰੀਆਂ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਤੇ ਸੁਖ਼ਬਿੰਦਰ ਸਿੰਘ ਸੁੱਖ ਸਰਕਾਰੀਆ ’ਤੇ ਹੱਲਾ ਬੋਲਦਿਆਂ ਕਿਹਾ ਕਿ ਹੁਣ ਜਦ ਉਨ੍ਹਾਂ ਦੇ ਬੇਟੇ ਅਤੇ ਪਰਿਵਾਰ ਨੇ ਇਹ ਨੌਕਰੀ ਤਿਆਗ ਕੇ ਇਕ ਲੀਕ ਖਿੱਚ ਦਿੱਤੀ ਹੈ ਤਾਂ ਜਾਖ਼ੜ, ਤ੍ਰਿਪਤ ਬਾਜਵਾ ਅਤੇ ਸਰਕਾਰੀਆ ਵੀ ਆਪਣੇ ਪਰਿਵਾਰਕ ਮੈਂਬਰਾਂ ਨੂੰ ਦਿਵਾਈਆਂ ਚੇਅਰਮੈਨੀਆਂ ਹਫ਼ਤੇ ਦੇ ਅੰਦਰ ਅੰਦਰ ਛੁਡਵਾਉਣ ਤੇ ਅਸਤੀਫੇ ਦੁਆਉਣ।
ਫਤਹਿ ਬਾਜਵਾ ਨੇ ਕਿਹਾ ਕਿ ਜਾਖ਼ੜ ਦਾ ਭਤੀਜਾ ਅਜੈ ਵੀਰ ਜਾਖ਼ੜ ਪੰਜਾਬ ਫ਼ਾਰਮਰਜ਼ ਕਮਿਸ਼ਨ ਦਾ ਚੇਅਰਮੈਨ ਹੈ। ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦਾ ਬੇਟਾ ਰਵੀਨੰਦਨ ਸਿੰਘ ਬਾਜਵਾ ਜ਼ਿਲ੍ਹਾ ਪ੍ਰੀਸ਼ਦ ਗੁਰਦਾਸਪੁਰ ਦਾ ਚੇਅਰਮੈਨ ਹੈ ਅਤੇ ਸੁੱਖ ਸਰਕਾਰੀਆ ਦਾ ਭਤੀਜਾ ਦਿਲਰਾਜ ਸਿੰਘ ਸਰਕਾਰੀਆ ਅੰਮ੍ਰਿਤਸਰ ਜ਼ਿਲ੍ਹਾ ਪ੍ਰੀਸ਼ਦ ਦਾ ਚੇਅਰਮੇਨ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਪੰਜਾਬ ਸਰਕਾਰ ਨੇ ਅਰਜੁਨ ਬਾਜਵਾ ਤੇ ਲੁਧਿਆਣਾ ਤੋਂ ਇਕ ਹੋਰ ਵਿਧਾਇਕ ਦੇ ਮੁੰਡੇ ਨੂੰ ਸਰਕਾਰੀ ਨੌਕਰੀਆਂ ਦੀ ਪੇਸ਼ਕਸ਼ ਕੀਤੀ ਸੀ। ਪਰ ਇਹ ਮਾਮਲੇ ’ਤੇ ਸਿਆਸੀ ਵਿਵਾਦ ਪੈਦਾ ਹੋ ਗਿਆ। ਹੁਣ ਬਾਜਵਾ ਪਰਵਾਰ ਨੇ ਅਰਜੁਨ ਨੂੰ ਮਿਲੀ ਪੁਲਿਸ ਇੰਸਪੈਕਟਰ ਦੀ ਨੌਕਰੀ ਸਵੀਕਾਰ ਨਾ ਕਰਨ ਦਾ ਐਲਾਨ ਕੀਤਾ ਹੈ ਤੇ ਨਾਲ ਹੀ ਉਨ੍ਹਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਆਗੂਆਂ ਨੂੰ ਵੀ ਕਿਹਾ ਕਿ ਉਹ ਵੀ ਅਪਣੇ ਬੱਚਿਆਂ ਨੂੰ ਮਿਲੀਆਂ ਚੇਅਰਮੈਨੀਆਂ ਛੱਡਣ ਦਾ ਐਲਾਨ ਕੀਤਾ।
ਉਧਰ, ਸੁਨੀਲ ਜਾਖੜ ਨੇ ਮੋੜਵਾਂ ਜਵਾਬ ਦਿੰਦਿਆਂ ਕਿਹਾ ਕਿ ਬਾਜਵਾ ਪਰਿਵਾਰ ਦੁਸਰਿਆਂ ਤੇ ਚਿੱਕੜ ਸੁੱਟਣ ਦੀ ਬਜਾਏ ਰਾਜ ਦੇ ਨੌਜਵਾਨਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਜਨਤਕ ਤੌਰ ਤੇ ਮਾਫੀ ਮੰਗੇ।ਇੱਥੋਂ ਜਾਰੀ ਬਿਆਨ ਵਿਚ ਸ੍ਰੀ ਜਾਖੜ ਨੇ ਆਖਿਆ ਕਿ ਬਾਜਵਾ ਪਰਿਵਾਰ ਨੇ ਸਰਕਾਰੀ ਨੌਕਰੀ ਲੈ ਕੇ ਨਾ ਕੇਵਲ ਰਾਜ ਦੇ ਹਜਾਰਾਂ ਨੌਜਵਾਨਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਸਗੋਂ ਉਨਾਂ ਨੇ ਆਪਣੇ ਮੁੱਖ ਮੰਤਰੀ ਅਤੇ ਆਪਣੀ ਪਾਰਟੀ ਦੀ ਸਾਖ ਨੂੰ ਵੀ ਨੁਕਸਾਨ ਪਹੁੰਚਾਇਆ ਹੈ ਅਤੇ ਆਪਣੇ ਪਿਤਾ ਦੇ ਨਾਂਅ ਨੂੰ ਵੀ ਵੱਟਾ ਲਗਾਇਆ ਹੈ। ਉਨਾਂ ਨੇ ਕਿਹਾ ਕਿ ਹੁਣ ਵੀ ਨੈਤਿਕ ਅਧਾਰ ਤੇ ਨੌਕਰੀ ਛੱਡਣ ਦੀ ਬਜਾਏ ਬਾਜਵਾ ਪਰਿਵਾਰ ਦੂਸਰਿਆਂ ਤੇ ਚਿੱਕੜ ਸੁੱਟ ਕੇ ਆਪਣੀਆਂ ਗਲਤੀਆਂ ਤੇ ਪਰਦਾ ਪਾਉਣ ਦੀ ਕੋਸਿਸ਼ ਕਰ ਰਿਹਾ ਹੈ। ਉਨਾਂ ਨੇ ਕਿਹਾ ਕਿ ਬਿਹਤਰ ਹੋਵੇਗਾ ਅੱਜ ਵੀ ਜੇਕਰ ਉਹ ਆਪਣੀ ਗਲਤੀ ਮੰਨ ਕੇ ਜਨਤਕ ਤੌਰ ਤੇ ਰਾਜ ਦੇ ਲੋਕਾਂ ਤੋਂ ਮਾਫੀ ਮੰਗ ਲੈਣ।