ਚੰਡੀਗੜ੍ਹ : ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਪੁੱਛਗਿੱਛ ਮਗਰੋਂ ਹੁਣ ਛੋਟੇ ਬਾਦਲ ਸੁਖਬੀਰ ਸਿੰਘ ਅੱਜ ਸਿੱਟ ਸਾਹਮਣੇ ਪੇਸ਼ ਹੋਏ ਹਨ। ਇਥੇ ਦਸ ਦਈਏ ਕਿ ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਲਈ ਬਣਾਈ ਗਈ ਸਪੈਸ਼ਨ ਜਾਂਚ ਟੀਮ ਇਹ ਪਤਾ ਕਰਨ ਕੀ ਕੋਸਿ਼ਸ਼ ਵਿਚ ਹੈ ਕਿ ਸਾਲ 2015 ਵਿਚ ਲੋਕਾਂ ਵਲੋਂ ਕੀਤੇ ਜਾ ਰਹੇ ਪ੍ਰਦਰਸ਼ਨ ਵਿਚ ਗੋਲੀ ਚਲਾਉਣ ਦੀ ਇਜ਼ਾਜਤ ਕਿਸ ਨੇ ਦਿਤੀ ਸੀ, ਕਿਉਂਕਿ ਇਸ ਗੋਲੀਬਾਰੀ ਵਿਚ ਦੋ ਨੌਜਵਾਨਾਂ ਦੀ ਮੌਤ ਹੋ ਗਈ ਸੀ ਅਤੇ ਕਈ ਲੋਕ ਜ਼ਖਮੀ ਹੋ ਗਏ ਸਨ। ਉਸ ਸਮੇਂ ਸੁਖਬੀਰ ਸਿੰਘ ਬਾਦਲ ਉਪ ਮੁੱਖ ਮੰਤਰੀ ਸਨ। ਇਸੇ ਕੇਸ ਸਬੰਧੀ ਪੁੱਛਗਿਛ ਲਈ ਅੱਜ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਚੰਡੀਗੜ੍ਹ ਦੇ ਸੈਕਟਰ 32 ਪੁਲਿਸ ਹੈੱਡਕੁਆਰਟਰ ਵਿਖੇ ਪਹੁੰਚ ਗਏ ਹਨ, ਜਿੱਥੇ ਉਹ ਸਿੱਟ ਦੇ ਸਵਾਲਾਂ ਦਾ ਜਵਾਬ ਦੇਣਗੇ ।
ਇਸ ਦੌਰਾਨ ਹੁਣ ਕਾਂਗਰਸ ਆਗੂ ਨਵਜੋਤ ਸਿੱਧੂ ਨੇ ਟਵੀਟ ਕੀਤਾ ਹੈ। ਸਿੱਧੂ ਨੇ ਸੁਖਬੀਰ ਬਾਦਲ ਨੂੰ ਕਿਹਾ ਕਿ ਬੇਅਦਬੀ ਮਾਮਲੇ ਨੂੰ ਛੇ ਸਾਲ ਹੋ ਚੁੱਕੇ ਹਨ ਪਰ ਇੰਨੇ ਸਾਲਾਂ ਬਾਅਦ ਵੀ ਇਨਸਾਫ ਨਹੀਂ ਮਿਲਿਆ। ਨਵਜੋਤ ਸਿੱਧੂ ਨੇ ਟਵੀਟ ਵਿਚ ਲਿਖਿਆ, 'ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਨੂੰ ਛੇ ਸਾਲ ਹੋ ਚੁੱਕੇ ਹਨ, ਨਾ ਤੁਹਾਡੇ 2 ਸਾਲ ਦੇ ਰਾਜ ਦੌਰਾਨ ਇਸ ਦਾ ਇਨਸਾਫ਼ ਹੋਇਆ, ਨਾ ਹੀ ਅਗਲੇ ਸਾਢੇ 4 ਸਾਲਾਂ ਵਿਚ ਇਨਸਾਫ਼ ਹੋਇਆ'। ਉਹਨਾਂ ਅੱਗੇ ਕਿਹਾ, 'ਅੱਜ ਹੁਣ ਜਦੋਂ ਨਵੀਂ ਸਿੱਟ ਪੰਜਾਬ ਦੀ ਰੂਹ 'ਤੇ ਹੋਏ ਹਮਲੇ ਦੇ ਇਨਸਾਫ਼ ਦੀ ਦਹਿਲੀਜ਼ 'ਤੇ ਪਹੁੰਚ ਗਈ ਹੈ ਤਾਂ ਤੂੰ ਰਾਜਨੀਤਿਕ ਦਖ਼ਲ ਦਾ ਢੰਡੋਰਾ ਪਿੱਟ ਰਿਹਾ ਏ, ਰਾਜਨੀਤਿਕ ਦਖਲ ਤਾਂ ਉਹ ਸੀ ਜਿਸ ਕਰ ਕੇ ਇਨਸਾਫ਼ ਹੋਣ 'ਚ ਛੇ ਸਾਲ ਦੇਰੀ ਹੋਈ।' ਇਸ ਤੋਂ ਪਹਿਲਾਂ ਬੀਤੇ ਦਿਨ ਸੁਖਬੀਰ ਬਾਦਲ ਨੇ ਪੰਜਾਬ ਸਰਕਾਰ 'ਤੇ ਹਮਲਾ ਬੋਲਦੇ ਹੋਏ ਕਿਹਾ ਕਿ ਜਿੱਥੇ ਕਿਸਾਨ ਮੁਸ਼ਕਲਾਂ ਝੱਲ ਰਹੇ ਹਨ, ਉਥੇ ਹੀ ਮੁੱਖ ਮੰਤਰੀ ਗਾਂਧੀ ਪਰਿਵਾਰ ਨੂੰ ਖੁਸ਼ ਰੱਖਣ ਵਿਚ ਰੁੱਝੇ ਹਨ ਅਤੇ ਉਹਨਾਂ ਨੇ ਅਕਾਲੀ ਦਲ ਲੀਡਰਸ਼ਿਪ ਨੂੰ ਝੂਠੇ ਕੇਸਾਂ 'ਚ ਫਸਾਉਣ ਲਈ ਰਾਹੁਲ ਗਾਂਧੀ ਦੀ ਹਦਾਇਤ ਵੀ ਮੰਨ ਲਈ ਹੈ। ਉਹਨਾਂ ਕਿਹਾ ਕਿ ਪੁਰਾਣੀ ਸਿੱਟ ਨੂੰ ਰਾਜਨੀਤਿਕ ਦਖਲਅੰਦਾਜ਼ੀ ਕਾਰਨ ਰੱਦ ਕਰਨ ਤੋਂ ਬਾਅਦ ਬਣਾਈ ਗਈ ਨਵੀਂ ਸਿੱਟ ਰਾਜ ਵਿਜੀਲੈਂਸ ਵਿਭਾਗ ਵੱਲੋਂ ਚਲਾਈ ਜਾ ਰਹੀ ਹੈ, ਇਸ ਲਈ ਕੁਝ ਵੀ ਨਹੀਂ ਬਦਲਿਆ।