ਚੰਡੀਗੜ੍ਹ : ਕਿਸਾਨਾਂ ਵਲੋਂ ਸ਼ਨਿਚਰਵਾਰ ਦੁਪਹਿਰੇ ਮੋਹਾਲੀ ਦੇ ਵਾਈਪੀਐੱਸ ਚੌਕ ਵੱਲੋਂ ਚੰਡੀਗੜ੍ਹ 'ਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ ਗਈ ਸੀ। ਇਸੇ ਪ੍ਰਦਰਸ਼ਨ ਵਿਚ ਲੱਖਾ ਸਿਧਾਣਾ ਵੀ ਸ਼ਾਮਲ ਸੀ। ਕਿਸਾਨਾਂ ਦਾ ਕਾਫ਼ਲਾ ਪੁਲਿਸ ਦੇ ਬੈਰੀਕੇਡ ਤੋੜਦਾ ਹੋਇਆ ਚੰਡੀਗੜ੍ਹ ਦਾਖ਼ਲ ਹੋ ਗਿਆ ਸੀ, ਇਸੇ ਲਈ ਪੁਲਿਸ ਨੇ ਲੱਖਾ ਸਿਧਾਣਾ ਅਤੇ ਹੋਰ ਅਣਪਛਾਤਿਆਂ ਵਿਰੁਧ ਇਕ ਪਰਚਾ ਦਰਜ ਕੀਤਾ ਹੈ। ਇਸ ਦੌਰਾਨ ਪਾਣੀ ਦੀਆਂ ਬੁਛਾਰਾਂ ਨਾਲ ਪੁਲਿਸ ਨੇ ਉਨ੍ਹਾਂ ਨੂੰ ਰੋਕਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਮੰਨੇ। ਟ੍ਰੈਕਟਰਾਂ ਨਾਲ ਪੁਲਿਸ ਰੋਕਾਂ ਤੋੜ ਕੇ ਕਿਸਾਨ ਚੰਡੀਗੜ੍ਹ ਦੀ ਹੱਦ ਵਿਚ ਦਾਖ਼ਲ ਹੋ ਗਏ। ਇਥੇ ਦਸ ਦਈਏ ਕਿ ਕਿਸਾਨ ਜਥੇਬੰਦੀਆਂ ਵਲੋਂ ਗਵਰਨਰ ਨੂੰ ਮੰਗ ਪੱਤਰ ਵੀ ਦਿਤਾ ਗਿਆ ਸੀ। ਲੱਖੇ ਸਿਧਾਣੇ ਉੱਪਰ 26 ਜਨਵਰੀ ਨੂੰ ਦਿੱਲੀ ਦੇ ਲਾਲ ਕਿਲ੍ਹੇ 'ਚ ਹਿੰਸਾ ਫੈਲਾਉਣ ਦਾ ਦੋਸ਼ ਵੀ ਹੈ ਅਤੇ ਬੀਤੇ ਕੱਲ੍ਹ ਹੀ ਉਸ ਨੂੰ ਇਸ ਮਾਮਲੇ 'ਚ ਹਾਈ ਕੋਰਟ ਤੋਂ ਰਾਹਤ ਦਿੰਦੇ ਹੋਏ 6 ਜੁਲਾਈ ਤਕ ਉਸ ਦੀ ਗ੍ਰਿਫ਼ਤਾਰੀ 'ਤੇ ਰੋਕ ਲਗਾਈ ਤੇ ਹੁਣ ਇਕ ਵਾਰ ਫਿਰ ਤੋਂ ਚੰਡੀਗੜ੍ਹ 'ਚ ਲੱਖੇ ਵਿਰੁਧ ਪਰਚਾ ਦਰਜ ਕੀਤੀ ਗਿਆ ਹੈ। ਪੁਲਿਸ ਨੇ ਲੱਖਾ ਸਿਧਾਣਾ ਅਤੇ ਹੋਰਨਾਂ ਲੋਕਾਂ ਖਿਲਾਫ਼ ਡਿਊਟੀ 'ਚ ਅੜਿੱਕਾ ਪਾਉਣ ਤੇ ਦੰਗਾ ਕਰਵਾਉਣ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਇਥੇ ਇਹ ਵੀ ਦਸ ਦਈਏ ਕਿ 26 ਜਨਵਰੀ ਦੇ ਕੇਸ ਵਿਰੁਧ ਦਿੱਲੀ ਪੁਲਿਸ ਲੱਖਾ ਸਿਧਾਣਾ ਨੂੰ ਗ੍ਰਿਫ਼ਤਾਰ ਕਰਨ ਲਈ ਕਈ ਵਾਰ ਪੰਜਾਬ ਵਿਚ ਛਾਪੇ ਮਾਰ ਚੁੱਕੀ ਸੀ ਪਰ ਲੱਖਾ ਉਨ੍ਹਾਂ ਦੇ ਹੱਥ ਨਹੀਂ ਸੀ ਆਇਆ।