ਚੰਡੀਗੜ੍ਹ : ਇਕ ਤਾਂ ਅਤਿ ਦੀ ਗ਼ਰਮੀ ਉਪਰੋਂ ਬਿਜਲੀ ਦੇ ਲੱਗ ਰਹੇ ਲੰਮੇ ਲੰਮੇ ਕੱਟਾਂ ਨੇ ਲੋਕਾਂ ਦਾ ਜਿਉਣਾ ਔਖਾ ਕੀਤਾ ਹੋਇਆ ਹੈ। ਇਸ ਦੇ ਨਾਲ ਹੀ ਮਾਨਸੂਨ ਵੀ ਹਾਲ ਦੀ ਘੜੀ ਦੂਰ ਹੀ ਹੈ, ਅਜਿਹੇ ਵਿਚ ਲੋਕਾਂ ਨੂੰ ਆਉਣ ਵਾਲੇ ਦਿਨਾਂ ਵਿਚ ਅਜਿਹੇ ਹੀ ਹਾਲਤਾਂ ਨਾਲ ਦੋ-ਚਾਰ ਹਣਾ ਪਵੇਗਾ। ਗੱਲ ਇਥੇ ਹੀ ਨਹੀਂ ਮੁੱਕਦੀ, ਗਰਮੀ ਵਿਚ ਇਨਵਰਟਰਾਂ ਨੇ ਵੀ ਜਵਾਬ ਦੇ ਦਿੱਤਾ ਤਾਂ ਲੋਕ ਬੁਰੀ ਸਥਿਤੀ ਵਿਚ ਆ ਗਏ। ਤਾਜ਼ਾ ਮਿਲੀ ਜਾਣਕਾਰੀ ਅਨੁਸਾਰ ਸ਼ਹਿਰ ਵਿਚ 24 ਘੰਟਿਆਂ ਵਿਚ 80 ਮਿੰਟ ਤੋਂ 19 ਘੰਟਿਆਂ ਤਕ ਬਿਜਲੀ ਬੰਦ ਰਹੀ। ਅਸਲ ਵਿਚ ਤਬਾਹੀ ਦੀ ਗਰਮੀ ਵਿਚ ਬਿਜਲੀ ਦੀ ਮੰਗ ਵਿਚ ਵਾਧਾ ਹੋਇਆ ਹੈ। ਬੁੱਧਵਾਰ ਨੂੰ ਪੰਜਾਬ ਵਿਚ ਵੱਧ ਤੋਂ ਵੱਧ ਤਾਪਮਾਨ 43 ਡਿਗਰੀ ਰਿਹਾ, ਜਦੋਂਕਿ ਮੌਸਮ ਵਿਭਾਗ ਦੇ ਅਨੁਸਾਰ ਕੱਲ੍ਹ ਤੋਂ ਹੀਟ ਲਹਿਰ ਭਾਵ ਗਰਮੀ ਦੀ ਲਹਿਰ ਚੱਲੇਗੀ। ਇਸ ਤੋਂ ਬਾਅਦ 5 ਅਤੇ 6 ਜੁਲਾਈ ਤੋਂ ਹਨ੍ਹੇਰੀ ਅਤੇ ਬੂੰਦ ਵਰ੍ਹਣ ਦੀ ਸੰਭਾਵਨਾ ਹੈ। ਇਸ ਤੋਂ ਪਹਿਲਾਂ ਕੁਝ ਹੱਦ ਤਕ ਬੱਦਲਵਾਈ ਰਹੇਗੀ ਪਰ ਮੁੱਖ ਤੌਰ 'ਤੇ ਮੌਸਮ ਗਰਮ ਰਹੇਗਾ। ਦਰਅਸਲ ਸ਼ਹਿਰ ਵਿਚ ਹਰ ਰੋਜ਼ 500 ਲੱਖ ਯੂਨਿਟ ਬਿਜਲੀ ਦੀ ਮੰਗ ਹੈ, ਪਰ ਪੰਜਾਬ ਵਿਚ ਹੀ 1550 ਮੈਗਾਵਾਟ ਬਿਜਲੀ ਦੀ ਘਾਟ ਹੈ, ਇਸ ਲਈ ਸਾਰੇ ਸ਼ਹਿਰਾਂ ਵਿਚ ਬਾਰੀ ਬਾਰੀ ਨਾਲ ਕੱਟ ਲਗਾਏ ਜਾ ਰਹੇ ਹਨ। ਜੇ ਮੌਸਮ ਇਸ ਤਰ੍ਹਾਂ ਜਾਰੀ ਰਿਹਾ, ਤਾਂ ਪਾਵਰਕੱਟ ਇਸ ਤਰ੍ਹਾਂ ਜਾਰੀ ਰਹਿਣ ਦੀ ਸੰਭਾਵਨਾ ਹੈ। ਪੰਜਾਬ ਦੇ ਕਈ ਸ਼ਹਿਰ ਵਿਚ ਦੁਪਹਿਰ 3 ਵਜੇ ਤੋਂ ਸ਼ਾਮ 6 ਵਜੇ ਤੱਕ ਬਿਜਲੀ ਸਪਲਾਈ ਪੂਰੀ ਤਰ੍ਹਾਂ ਠੱਪ ਰਹੀ। ਸ਼ਿਕਾਇਤ ਕੇਂਦਰਾਂ ਦੇ ਕਰਮਚਾਰੀਆਂ ਨੇ ਫੋਨ ਬੰਦ ਕਰ ਦਿੱਤੇ ਜਦਕਿ ਹੈਲਪਲਾਈਨ ਨੰਬਰ 1912 ਨੂੰ ਮੁਅੱਤਲ ਕਰ ਦਿੱਤਾ ਗਿਆ। ਆਖਰਕਾਰ ਲੋਕਾਂ ਨੇ ਜੇਈ ਤੋਂ ਚੀਫ਼ ਇੰਜੀਨੀਅਰ ਨੂੰ ਬੁਲਾਉਣਾ ਸ਼ੁਰੂ ਕਰ ਦਿੱਤਾ।