ਚੰਡੀਗੜ੍ਹ : ਕਿਸਾਨਾਂ ਦਾ ਸੰਘਰਸ਼ ਦਿੱਲੀ ਦੀਆਂ ਸਰਹੱਦਾਂ ਉਪਰ ਪਿਛਲੇ ਕਈ ਮਹੀਨਿਆਂ ਤੋਂ ਜੋਰਾਂ ਤੇ ਚਲ ਰਿਹਾ ਹੈ। ਇਸ ਸੰਘਰਸ਼ ਨੂੰ ਖ਼ਤਮ ਕਰਵਾਉਣ ਲਈ ਕੇਂਦਰ ਸਰਕਾਰ ਨੇ ਹਰ ਹੀਲਾ ਵਰਤ ਲਿਆ ਹੈ, ਕਿਸਾਨਾਂ ਉਪਰ ਕਈ ਦੋਸ਼ ਵੀ ਲਾਏ ਹਨ ਪਰ ਇਹ ਸੰਘਰਸ਼ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਤਕ ਜਾਰੀ ਰਹਿਣਗੇ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕਿਸਾਨ ਆਗੂ ਬਲਬੀਰ ਸਿੰਘ ਰਾਜੇ ਵਾਲ ਨੇ ਕੀਤੇ ਹਨ। ਆਮ ਆਦਮੀ ਪਾਰਟੀ ਵੱਲੋਂ ਚੋਣ ਲੜਨ ਅਤੇ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਦਾ ਚਿਹਰਾ ਹੋਣ ਬਾਰੇ ਰਾਜੇਵਾਲ ਨੇ ਕਿਹਾ ਕਿ ਭਾਜਪਾ ਤੇ ਹੋਰ ਕਿਸਾਨ ਵਿਰੋਧੀ ਧਿਰਾਂ ਇਹ ਬੇਲੋੜਾ ਪ੍ਰਚਾਰ ਕਰ ਰਹੀਆਂ ਹਨ ਜਦਕਿ ਉਹ ਕਿਸਾਨ ਸੰਘਰਸ਼ ਲਈ ਹੀ ਡਟ ਕੇ ਕੰਮ ਕਰੇਗਾ। ਚੰਡੀਗੜ੍ਹ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜੇਵਾਲ ਨੇ ਕਿਹਾ ਕਿ ਹਰਜੀਤ ਸਿੰਘ ਗਰੇਵਾਲ ਗਲਤ ਬਿਆਨਬਾਜ਼ੀ ਕਰਦਾ ਹੈ ਅਤੇ ਗਲਤ ਸ਼ਬਦ ਵਰਤਦਾ ਹੈ, ਜਿਸ ਕਾਰਨ ਉਸ ਦੇ ਪਿੰਡ ਦੇ ਹੀ ਸਮੂਹ ਲੋਕੀਂ ਉਸ ਦੇ ਵਿਰੁੱਧ ਹੋ ਗਏ ਹਨ। ਪਿੰਡ ਨੇ ਇਹ ਮਤਾ ਪਾਸ ਕੀਤਾ ਸੀ ਕਿ ਹਰਜੀਤ ਸਿੰਘ ਗਰੇਵਾਲ ਦੀ ਜ਼ਮੀਨ ਠੇਕੇ ‘ਤੇ ਨਹੀਂ ਲਈ ਜਾਵੇਗੀ ਪਰ ਇਕ ਕਿਸਾਨ ਨੇ ਉਸ ਦੀ ਜ਼ਮੀਨ ਠੇਕੇ ‘ਤੇ ਲੈ ਲਈ ਸੀ ਜਿਸ ਕਾਰਨ ਹਰਜੀਤ ਸਿੰਘ ਗਰੇਵਾਲ ਦੇ ਪਿੰਡ ਵਾਸੀਆਂ ਨੇ ਹੀ ਉਸ ਕਿਸਾਨ ਦਾ ਝੋਨਾ ਵਾਹਿਆ ਹੈ। ਰਾਜੇਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਪੁਲੀਸ ਦੀ ਜੋ ਸਿਆਸੀ ਧਿਰਾਂ ਕਿਸਾਨਾਂ ਦੇ ਹੱਕ ਵਿਚ ਨਹੀਂ ਖੜਨਗੀਆਂ ਤਾਂ ਕਿਸਾਨ ਭਾਜਪਾ ਦੀ ਤਰ੍ਹਾਂ ਹੀ ਉਨ੍ਹਾਂ ਸਿਆਸੀ ਧਿਰਾਂ ਦਾ ਵਿਰੋਧ ਕਰਨਗੇ।