ਰੀਓ : ਬ੍ਰਾਜ਼ੀਲ ਨੇ ਪੇਰੂ ਨੂੰ 1-0 ਨਾਲ ਹਰਾ ਕੇ ਕੋਪਾ ਅਮਰੀਕਾ ਫੁੱਟਬਾਲ ਦੇ ਫਾਈਨਲ ਵਿਚ ਪ੍ਰਵੇਸ਼ ਕਰ ਲਿਆ। ਖ਼ਿਤਾਬੀ ਮੁਕਾਬਲੇ ਵਿਚ ਟੀਮ ਦਾ ਸਾਹਮਣਾ ਅਰਜਨਟੀਨਾ ਤੇ ਕੋਲੰਬੀਆ ਵਿਚਾਲੇ ਹੋਣ ਵਾਲੇ ਦੂਜੇ ਸੈਮੀਫਾਈਨਲ ਦੀ ਜੇਤੂ ਟੀਮ ਨਾਲ ਹੋਵੇਗਾ। ਜੇ ਅਰਜਨਟੀਨਾ ਦੀ ਟੀਮ ਇਹ ਮੈਚ ਜਿੱਤ ਲੈਂਦੀ ਹੈ ਤਾਂ ਪ੍ਰਸ਼ੰਸਕਾਂ ਨੂੰ ਮੈਸੀ ਬਨਾਮ ਨੇਮਾਰ ਦਾ ਰੋਮਾਂਚਕ ਮੁਕਾਬਲਾ ਦੇਖਣ ਨੂੰ ਮਿਲ ਸਕਦਾ ਹੈ। ਨਿਲਟਨ ਸਾਂਤੋਸ ਸਟੇਡੀਅਮ 'ਤੇ ਖੇਡੇ ਗਏ ਇਸ ਮੈਚ ਵਿਚ ਨੇਮਾਰ ਨੇ ਇੱਕੋ ਇਕ ਗੋਲ ਵਿਚ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਨੇ ਡਿਫੈਂਡਰ ਅਲੈਗਜ਼ੈਂਡਰ ਕਾਲੇਂਸ ਤੋਂ ਗੇਂਦ ਲੈ ਕੇ ਲੁਕਾਸ ਪਾਕੇਟਾ ਨੂੰ ਸੌਂਪੀ ਜਿਨ੍ਹਾਂ ਨੇ 35ਵੇਂ ਮਿੰਟ ਵਿਚ ਉਸ ਨੂੰ ਨੈੱਟ 'ਚ ਪਾ ਦਿੱਤਾ। ਗਰੁੱਪ ਗੇੜ ਵਿਚ ਬ੍ਰਾਜ਼ੀਲ ਨੇ ਪੇਰੂ ਨੂੰ 4-0 ਨਾਲ ਹਰਾਇਆ ਸੀ ਪਰ ਇਸ ਮੈਚ ਵਿਚ ਕਹਾਣੀ ਦੂਜੀ ਸੀ। ਦੂਜੇ ਅੱਧ ਵਿਚ ਜਿਆਂਲੁਕਾ ਲਾਪਾਡੁਲਾ ਦੇ ਸ਼ਾਟ 'ਤੇ ਬ੍ਰਾਜ਼ੀਲ ਦੇ ਗੋਲਕੀਪਰ ਐਂਡਰਸਨ ਨੇ ਸ਼ਾਨਦਾਰ ਬਚਾਅ ਕੀਤਾ। ਬ੍ਰਾਜ਼ੀਲ ਦੇ ਕੋਚ ਟਿਟੇ ਨੇ ਸਵੀਕਾਰ ਕੀਤਾ ਕਿ ਇਹ ਕਾਫੀ ਥਕਾਊ ਮੈਚ ਸੀ। ਸਰੀਰਕ ਤੇ ਮਾਨਸਿਕ ਤੌਰ 'ਤੇ। ਕੋਪਾ ਅਮਰੀਕਾ ਮਾਨਸਿਕ ਮੈਰਾਥਨ ਤੋਂ ਘੱਟ ਨਹੀਂ ਹੈ। ਬ੍ਰਾਜ਼ੀਲ ਪਿਛਲੇ 14 ਸੈਸ਼ਨਾਂ ਵਿਚੋਂ ਨੌਂ ਵਾਰ ਫਾਈਨਲ ਵਿਚ ਪੁੱਜ ਚੁੱਕਾ ਹੈ। ਇਸ ਵਾਰ ਉਸ ਨੂੰ ਤੁਰੰਤ ਮੌਕੇ 'ਤੇ ਮੇਜ਼ਬਾਨ ਬਣਾਇਆ ਗਿਆ ਕਿਉਂਕਿ ਪਹਿਲੇ ਮੇਜ਼ਬਾਨ ਅਰਜਨਟੀਨਾ ਤੇ ਕੋਲੰਬੀਆ ਪਿੱਛੇ ਹਟ ਗਏ ਸਨ। ਦੋ ਸਾਲ ਪਹਿਲਾਂ ਨੇਮਾਰ ਜ਼ਖ਼ਮੀ ਹੋਣ ਕਾਰਨ ਨਹੀਂ ਖਡੇੇ ਸਨ ਪਰ ਬ੍ਰਾਜ਼ੀਲ ਨੇ ਪੇਰੂ ਨੂੰ 3-1 ਨਾਲ ਹਰਾ ਕੇ ਖ਼ਿਤਾਬ ਜਿੱਤਿਆ ਸੀ।