ਇਸਲਾਮਾਬਾਦ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਭਾਰਤੀ ਸਿਨੇਮਾ ਦੇ ਉਘੇ ਅਦਾਕਾਰ ਦਲੀਪ ਕੁਮਾਰ ਦੇ ਦਿਹਾਂਤ ’ਤੇ ਅਫ਼ਸੋਸ ਪ੍ਰਗਟ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਉਦਾਰਤਾ ਨੂੰ ਕਦੇ ਨਹੀਂ ਭੁੱਲ ਪਾਵਾਂਗੇ ਜੋ ਉਨ੍ਹਾਂ ਉਨ੍ਹਾਂ ਦੀ ਮਾਂ ਦੀ ਯਾਦ ਵਿਚ ਕੈਂਸਰ ਹਸਪਤਾਲ ਬਣਾਉਣ ਲਈ ਧਨ ਜੁਟਾਉਣ ਵਿਚ ਮਦਦ ਕਰਕੇ ਵਿਖਾਈ ਸੀ। 98 ਸਾਲਾ ਦਲੀਪ ਕੁਮਾਰ ਲੰਮੇ ਸਮੇਂ ਤੋਂ ਬੀਮਾਰ ਸਨ। ਖ਼ਾਨ ਨੇ ਟਵਿਟਰ ’ਤੇ ਕਿਹਾ, ‘ਦਲੀਪ ਕੁਮਾਰ ਦੇ ਇੰਤਕਾਲ ਦੇ ਬਾਰੇ ਜਾਣ ਕੇ ਦੁੱਖ ਹੋਇਆ। ਜਦ ਐਸਕੇਐਮਟੀਐਚ ਪ੍ਰਾਜੈਕਟ ਸ਼ੁਰੂ ਕੀਤਾ ਗਿਆ ਸੀ ਤਾਂ ਇਸ ਲਈ ਰਕਮ ਜੁਟਾਉਣ ਵਿਚ ਮਦਦ ਕਰਨ ਲਈ ਅਪਣਾ ਵਕਤ ਦੇ ਕੇ ਉਨ੍ਹਾਂ ਜੋ ਫ਼ਰਾਖ਼ਦਿਲੀ ਵਿਖਾਈ ਸੀ, ਉਸ ਨੂੰ ਮੈਂ ਕਦੇ ਨਹੀਂ ਭੁੱਲ ਸਕਦਾ।’ ਉਨ੍ਹਾਂ ਕਿਹਾ ਕਿ ਫ਼ੰਡ ਜੁਟਾਉਣ ਲਈ ਬਹੁਤ ਮੁਸ਼ਕਲ ਵਕਤ ਸੀ ਅਤੇ ਪਾਕਿਸਤਾਨ ਅਤੇ ਲੰਦਨ ਵਿਚ ਉਨ੍ਹਾਂ ਦੀ ਮੌਜੂਦਗੀ ਕਾਰਨ ਵੱਡੀ ਰਕਮ ਜੁਟਾਈ ਗਈ। ਖ਼ਾਨ ਨੇ ਕਿਹਾ, ‘ਇਸ ਦੇ ਇਲਾਵਾ ਮੇਰੀ ਪੀੜ੍ਹੀ ਲਈ ਦਲੀਪ ਕੁਮਾਰ ਮਹਾਨਤਮ ਅਤੇ ਸਰਬਵਿਆਪਕ ਬਹੁਮੁਖੀ ਅਦਾਕਾਰ ਸੀ।’ ਸ਼ੌਕਤ ਖ਼ਾਨਮ ਮੈਮੋਰੀਅਲ ਕੈਂਸਰ ਹਸਪਤਾਲ ਅਤੇ ਖੋਜ ਕੇਂਦਰ ਲਾਹੌਰ ਅਤੇ ਪੇਸ਼ਾਵਰ ਵਿਚ ਸਥਿਤ ਆਧੁਨਿਕ ਕੈਂਸਰ ਹਸਪਤਾਲ ਹਨ। ਇਹ ਸ਼ੌਕਤ ਖ਼ਾਨਮ ਮੈਮੋਰੀਅਲ ਟਰੱਸ ਦਾ ਪਹਿਲਾ ਪ੍ਰਾਜੈਕਟ ਸੀ ਅਤੇ ਇਹ ਕ੍ਰਿਕਟਰ ਤੋਂ ਸਿਆਸਤ ਵਿਚ ਆਏ ਖ਼ਾਨ ਦਾ ਵਿਚਾਰ ਸੀ। 1985 ਵਿਚ ਖ਼ਾਨ ਦੀ ਮਾਂ ਸ਼ੌਕਤ ਖ਼ਾਨਮ ਦਾ ਕੈਂਸਰ ਨਾਲ ਦਿਹਾਂਤ ਹੋ ਗਿਆ ਸੀ ਜਿਸ ਦੇ ਬਾਅਦ ਉਸ ਨੂੰ ਇਹ ਹਸਪਤਾਲ ਬਣਾਉਣ ਦੀ ਪ੍ਰੇਰਨਾ ਮਿਲੀ। ਦਲੀਪ ਕੁਮਾਰ ਦਾ ਜਨਮ ਪੇਸ਼ਾਵਰ ਦੇ ਕਿੱਸਾ ਖਵਾਨੀ ਬਾਜ਼ਾਰ ਇਲਾਕੇ ਵਿਚ ਹੋਇਆ ਸੀ। ਪਾਕਿਸਤਾਨ ਸਰਕਾਰ ਪਹਿਲਾਂ ਹੀ ਉਸ ਦੇ ਘਰ ਕੌਮੀ ਵਿਰਾਸਤ ਐਲਾਨ ਚੁਕੀ ਹੈ।