ਚੰਡੀਗੜ : ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਕਾਫ਼ਲੇ ਵਿੱਚ ਉਦੋਂ ਭਾਰੀ ਵਾਧਾ ਜਦੋਂ ਪੰਜਾਬ ਦੇ ਨਾਮਵਰ ਖ਼ਿਡਾਰੀ ਅਰਵਿੰਦ ਕੇਜਰੀਵਾਲ ਦੀਆਂ ਲੋਕ ਹਿਤੈਸੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ। ਇਨਾਂ ਖ਼ਿਡਾਰੀਆਂ ਦਾ ਆਪ ਦੇ ਦਿੱਲੀ ਤੋਂ ਵਿਧਾਇਕ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ, ਰੋਪੜ ਤੋਂ ਵਿਧਾਇਕ ਅਮਰਜੀਤ ਸਿੰਘ ਸੰਦੋਆ, ਖੇਡ ਵਿੰਗ ਦੇ ਸੂਬਾ ਪ੍ਰਧਾਨ ਕਰਤਾਰ ਸਿੰਘ ਅਤੇ ਪਾਰਟੀ ਦੇ ਸੂਬਾ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਨੇ ਪਾਰਟੀ ਦੇ ਚੰਡੀਗੜ ਸਥਿਤ ਮੁੱਖ ਦਫ਼ਤਰ ਵਿੱਚ ਰਸਮੀ ਤੌਰ 'ਤੇ ਸਵਾਗਤ ਕੀਤਾ। ਪੰਜਾਬ ਅਤੇ ਭਾਰਤ ਦਾ ਨਾਂਅ ਕੌਮੀ ਅਤੇ ਕੌਮਾਂਤਰੀ ਪੱਧਰ 'ਤੇ ਰੌਸ਼ਨ ਕਰਨ ਵਾਲੇ ਜਿਮਨਾਸਟਿਕ ਖਿਡਾਰੀ ਸੋਹਨ ਲਾਲ ਲੋਟੇ, ਰੋਕਬਾਲ ਅਮਚੁਇਰ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਧਰਮਵੀਰ ਸਿੰਘ, ਸਾਬਕਾ ਐਸ.ਪੀ ਪ੍ਰਗਟ ਸਿੰਘ, ਸਮਾਜ ਸੇਵੀ ਸੁਖਵਿੰਦਰ ਸਿੰਘ ਖੁਸ਼ਰੋਪੁਰ, ਸਾਬਕਾ ਡੀ.ਐਸ.ਪੀ ਅਤੇ ਰੈਸਲਰ ਸ਼ੇਰ ਏ ਹਿੰਦ ਅਤੇ ਪੰਜਾਬ ਟਾਇਗਰ ਪਿਆਰਾ ਸਿੰਘ, ਸਾਬਕਾ ਪੁਲੀਸ ਅਧਿਕਾਰੀ ਬਾਜ ਸਿੰਘ,ਸਾਬਕਾ ਡੀ.ਐਸ.ਪੀ ਅਵਤਾਰ ਸਿੰਘ ਅਤੇ ਲੁਧਿਆਣਾ ਦੇ ਉਘੇ ਸਮਾਜ ਸੇਵੀ ਗੁਰਚਰਨ ਸਿੰਘ ਰਾਜਪੂਤ ਨੇ ਆਮ ਆਦਮੀ ਪਾਰਟੀ ਵਿੱਚ ਸ਼ਮੂਲੀਅਤ ਕੀਤੀ। ਇਨਾਂ ਕੌਮੀ ਅਤੇ ਕੌਮਾਂਤਰੀ ਖ਼ਿਡਾਰੀਆਂ ਸਮੇਤ ਸਾਬਕਾ ਪੁਲੀਸ ਅਧਿਕਾਰੀਆਂ ਦਾ ਸਵਾਗਤ ਕਰਦਿਆਂ ਜਰਨੈਲ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀਆਂ ਲੋਕ ਹਿਤੈਸ਼ੀ ਨੀਤੀਆਂ ਅਤੇ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਹਰ ਵਰਗ ਦੇ ਲੋਕ ਆਪ ਵਿੱਚ ਸ਼ਾਮਲ ਹੋ ਰਹੇ ਹਨ। ਉਨਾਂ ਕਿਹਾ ਕਿ ਇਨਾਂ ਮਹਾਨ ਖ਼ਿਡਾਰੀਆਂ, ਸਾਬਕਾ ਪੁਲੀਸ ਅਧਿਕਾਰੀਆਂ ਅਤੇ ਸਮਾਜ ਸੇਵੀਆਂ ਦੇ ਮਾਰਗ ਦਰਸ਼ਨ ਵਿੱਚ ਆਮ ਆਦਮੀ ਪਾਰਟੀ ਪੰਜਾਬ ਦੀ ਰਾਜਸੱਤਾ ਤੱਕ ਪਹੁੰਚੇਗੀ।
ਇਸ ਸਮੇਂ ਸੋਹਣ ਲਾਲ ਲੋਟੇ ਨੇ ਕਿਹਾ ਕਿ ਭ੍ਰਿਸ਼ਟਾਚਾਰ ਤੋਂ ਮੁਕਤੀ ਪਾਉਣ ਲਈ ਕੇਜਰੀਵਾਲ ਦੀ ਪਾਰਟੀ ਲਿਆਂਵਾਂਗੇ ਅਤੇ ਭ੍ਰਿਸ਼ਟਾਚਾਰੀਆਂ ਨੂੰ ਹਰਾਵਾਂਗੇ। ਸ਼ੇਰੇ ਹਿੰਦ ਪੰਜਾਬ ਅਤੇ ਪੰਜਾਬ ਟਾਇਗਰ ਖ਼ਿਤਾਬੀ ਪਿਆਰਾ ਸਿੰਘ ਨੇ ਕਿਹਾ ਪੰਜਾਬ ਇਸ ਸਮੇਂ ਭ੍ਰਿਸ਼ਟਾਚਾਰ ਵਿੱਚ ਜਕੜਿਆ ਹੋਇਆ ਹੈ। ਪੰਜਾਬ ਦੀ ਸਰਕਾਰ ਵਿੱਚ ਅਕਾਲੀ ਹੋਣ ਜਾਂ ਕਾਂਗਰਸੀ ਇਨਾਂ ਦਾ ਸਰਕਾਰ ਚਲਾਉਣ ਦਾ ਨਿਯਮ ਲੁੱਟ ਕਰਨਾ ਹੀ ਰਿਹਾ ਹੈ। ਇਨਾਂ ਬੇਈਮਾਨੀ ਪਾਰਟੀਆਂ ਦਾ ਰਾਜ ਬਦਲਣ ਲਈ ਅਤੇ ਆਮ ਆਦਮੀ ਪਾਰਟੀ ਦੀ ਇਮਾਨਦਾਰ ਸਰਕਾਰ ਬਣਾਉਣ ਲਈ ਹੁੱਣ ਪੰਜਾਬ ਦੇ ਖ਼ਿਡਾਰੀ ਮੈਦਾਨ ਵਿੱਚ ਉਤਰ ਚੁੱਕੇ ਹਨ।