ਕਾਠਮੰਡੂ : ਨੇਪਾਲ ਦੀ ਸੁਪਰੀਮ ਕੋਰਟ ਨੇ 2 ਦਿਨਾਂ ਅੰਦਰ ਨੇਪਾਲੀ ਕਾਂਗਰਸ ਦੇ ਮੁਖੀ ਸ਼ੇਰ ਬਹਾਦਰ ਦੇਊਬਾ ਨੂੰ ਪ੍ਰਧਾਨ ਮੰਤਰੀ ਬਣਾਉਣ ਦਾ ਹੁਕਮ ਦਿਤਾ ਹੈ। ਇਸ ਦੇ ਨਾਲ ਹੀ ਅਦਾਲਤ ਨੇ ਭੰਗ ਪਈ ਸੰਸਦ ਨੂੰ ਬਹਾਲ ਕਰਨ ਦਾ ਵੀ ਹੁਕਮ ਦਿਤਾ ਹੈ। ਇਸ ਹੁਕਮ ਦੇ ਨਾਲ ਹੀ ਜਸਟਿਸ ਚੋਲੇਂਦਰ ਰਾਣਾ ਦੀ ਅਗਵਾਈ ਵਾਲੇ 5 ਜੱਜਾਂ ਦੇ ਬੈਂਚ ਨੇ ਹਫ਼ਤਾ ਭਰ ਤੋਂ ਜਾਰੀ ਸੁਣਵਾਈ ਖ਼ਤਮ ਕਰ ਦਿਤੀ। ਨੇਪਾਲ ਦੀ ਰਾਸ਼ਟਰਪਤੀ ਵਿਦਿਆ ਦੇਵੀ ਭੰਡਾਰੀ ਨੇ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਦੀ ਸਿਫ਼ਾਰਸ਼ ’ਤੇ 22 ਮਈ ਨੂੰ ਸੰਸਦ ਭੰਗ ਕਰ ਦਿਤੀ ਸੀ। ਨੇਪਾਲੀ ਸੰਸਦ ਪਿਛਲੇ 5 ਮਹੀਨਿਆਂ ਵਿਚ ਦੂਜੀ ਵਾਰ ਭੰਗ ਕੀਤੀ ਗਈ ਸੀ। ਇਸ ਦੇ ਨਾਲ ਹੀ ਉਨ੍ਹਾਂ 12 ਅਤੇ 19 ਨਵੰਬਰ ਨੂੰ ਚੋਣਾਂ ਕਰਾਉਣ ਦਾ ਐਲਾਨ ਵੀ ਕੀਤਾ ਸੀ। ਰਾਸ਼ਟਰਪਤੀ ਦੇ ਇਸ ਫ਼ੈਸਲੇ ਵਿਰੁਧ ਸੁਪਰੀਮ ਕੋਰਟ ਵਿਚ 30 ਤੋਂ ਵੱਧ ਪਟੀਸ਼ਨਾਂ ਫ਼ਾਈਲ ਕੀਤੀਆਂ ਗਈਆਂ ਸਨ। ਵਿਰੋਧੀ ਪਾਰਟੀਆਂ ਵਲੋਂ ਦਾਖ਼ਲ ਪਟੀਸ਼ਨ ਵਿਚ ਸੰਸਦ ਨੂੰ ਬਹਾਲ ਕਰਨ ਅਤੇ ਕਾਂਗਰਸ ਪ੍ਰਧਾਨ ਬਹਾਦਰ ਨੂੰ ਪ੍ਰਧਾਨ ਮੰਤਰੀ ਬਣਾਉਣ ਦੀ ਮੰਗ ਕੀਤੀ ਗਈ ਸੀ। ਨੇਪਾਲ ਦੀ ਰਾਜਨੀਤੀ ਪਿਛਲੇ ਸਾਲ ਦਸੰਬਰ ਤੋਂ ਰਾਜਸੀ ਸੰਕਟ ਨਾਲ ਜੂਝ ਰਹੀ ਹੈ। ਨੇਪਾਲ ਕਮਿਊਨਿਸਟ ਪਾਰਟੀ ਵਿਚ ਅੰਦਰੂਨੀ ਕਲੇਸ਼ ਕਾਰਨ 20 ਦਸੰਬਰ ਨੂੰ ਪ੍ਰਧਾਨ ਮੰਤਰੀ ਓਲੀ ਦੀ ਸਲਾਹ ’ਤੇ ਰਾਸ਼ਟਰਪਤੀ ਨੇ ਸੰਸਦ ਭੰਗ ਕਰਕੇ 30 ਅਪ੍ਰੈਲ ਅਤੇ 10 ਮਈ ਨੂੰ ਤਾਜ਼ਾ ਚੋਣਾਂ ਕਰਾਉਣ ਦਾ ਫ਼ੈਸਲਾ ਕੀਤਾ ਸੀ। ਇਸ ਦੇ ਬਾਅਦ ਫ਼ਰਵਰੀ ਵਿਚ ਕੋਰਟ ਨੇ ਸੰਸਦ ਨੂੰ ਬਹਾਲ ਕਰ ਦਿਤਾ ਸੀ।