ਫ਼ਰਵਰੀ 2022 ਵਿੱਚ ਸ਼ੁਰੂ ਹੋਈ ਯੂਕਰੇਨ ਅਤੇ ਰੂਸ ਦੀ ਜੰਗ ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਯੂਕਰੇਨ ਨੇ ਰੂਸ ’ਤੇ ਹਮਲਾ ਕਰ ਦਿੱਤਾ ਹੈ। ਯੂਕਰੇਨ ਦੀ ਫ਼ੌਜ ਰੂਸ ਦੇ ਅੰਦਰ 30 ਕਿਲੋਮੀਟਰ ਤੱਕ ਦਾਖ਼ਲ ਹੋ ਚੁੱਕੀ ਹੈ। ਰੂਸ ਨੇ ਯੂਕਰੇਨ ਦੀ ਸਰਹੱਦ ਦੇ ਨਾਲ ਲੱਗਦੇ ਕੁਰਸਕ ਵਿੱਚ 250 ਵਰਗ ਕਿਲੋਮੀਟਰ ਦਾ ਇਲਾਕਾ ਗੁਆ ਲਿਆ ਹੈ। ਯੂਕਰੇਨੀ ਫ਼ੌਜਾਂ ਦਾ ਅਗਲਾ ਨਿਸ਼ਾਨਾ ਰੂਸੀ ਸ਼ਹਿਰ ਸੁਦਜਾ ਹੈ। ਯੂਕਰੇਨ ਦੀ ਫ਼ੌਜ ਵੱਲੋਂ ਰੂਸੀ ਖੇਤਰ ਦੀਆਂ ਇਮਾਰਤਾਂ ’ਤੇ ਯੂਕਰੇਨ ਦੇ ਝੰਡੇ ਲਹਿਰਾ ਦਿੱਤੇ ਹਨ ਜਿਸ ਸਬੰਧੀ ਸੋਸ਼ਲ ਮੀਡੀਆ ਨੇ ਵੀਡੀਓ ਵੀ ਵਾਇਰਲ ਹੋ ਚੁੱਕੀਆਂ ਹਨ। ਰੂਸ ਦੇ ਰੱਖਿਆ ਮੰਤਰਾਲੇ ਦਾ ਕਹਿਣਾ ਹੈ ਕਿ ਉਸ ਦੇ ਸੈਨਿਕਾਂ ਦੀ ਰੂਸੀ ਪਿੰਡਾਂ ਤੋਲਪਿਨੋ ਅਤੇ ਓਬਸ਼ਚੀ ਕੋਲੋਡਜ਼ੇ ਵਿੱਚ ਯੂਕਰੇਨ ਦੇ ਫ਼ੌਜੀਆਂ ਨਾਲ ਝੜਪ ਹੋਈ ਹੈ। ਰੂਸ ਯੂਕਰੇਨ ਦੀ ਫ਼ੌਜ ਵੱਲੋਂ ਕੀਤੇ ਜਾ ਰਹੇ ਹਮਲਿਆਂ ਨੂੰ ਰੋਕਣ ਲਈ ਹਰ ਤਰ੍ਹਾਂ ਦੀ ਕੋਸ਼ਿਸ਼ ਕਰ ਰਿਹਾ ਹੈ।
ਇਹ ਪਤਾ ਲਗਿਆ ਹੈ ਕਿ ਯੂਕਰੇਨ ਦੀ ਫ਼ੌਜ ਰੂਸ ਦੇ ਕੁਰਸਕ ਖੇਤਰ ਜਿਥੇ ਨਿਊਕਲੀਅਰ ਪਲਾਂਟ ਹਨ, ਹਮਲੇ ਕਰ ਰਹੀ ਹੈ। ਰੂਸ ਨੇ ਇਸ ਇਲਾਕੇ ਵਿੱਚ 8 ਅਗੱਸਤ ਨੂੰ ਐਮਰਜੈਂਸੀ ਲਗਾ ਦਿੱਤੀ ਸੀ। ਯੂਕਰੇਨ ਦੀ ਫ਼ੌਜ ਨੇ ਇਸ ਖੇਤਰ ਵਿੱਚ ਕਈ ਇਮਾਰਤਾਂ ਨੂੰ ਨੁਕਸਾਨ ਪਹੁੰਚਾਇਆ ਹੈ। ਦੂਜੇ ਪਾਸੇ ਰੂਸ ਦੇ ਵਿਦੇਸ਼ ਮੰਤਰਾਲੇ ਵੱਲੋਂ ਆਖਿਆ ਗਿਆ ਹੈ ਕਿ ਉਹ ਯੂਕਰੇਨ ਦੀ ਫ਼ੌਜ ਦੇ ਹਮਲਿਆਂ ਦਾ ਮੂੰਹ ਤੋੜ ਜਵਾਬ ਦੇਵੇਗਾ। ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਯੂਕਰੇਨ ਦੀ ਫ਼ੌਜ ਦਾ ਮਕਸਦ ਰੂਸੀ ਨਾਗਰਿਕਾਂ ਨੂੰ ਡਰਾਉਣਾ, ਮਾਰਨਾ ਅਤੇ ਦੇਸ਼ ਦੇ ਬੁਨਿਆਦੀ ਢਾਂਚੇ ਨੂੰ ਤਬਾਹ ਕਰਨਾ ਹੈ।
ਰੂਸ ਨੇ ਯੂਕਰੇਨ ਦੀ ਸਰਹੱਦ ਦੇ ਨੇੜੇ ਰਹਿਣ ਵਾਲੇ ਲੋਕਾਂ ਨੂੰ ਸੁਰੱਖਿਅਤ ਇਲਾਕਿਆਂ ਵਿੱਚ ਭੇਜ ਦਿੱਤਾ ਹੈ। ਯੂਕਰੇਨ ਦੀ ਫ਼ੌਜ 6 ਅਗੱਸਤ ਨੂੰ ਕੁਰਸਕ ਖੇਤਰ ਜਿਥੇ ਰੂਸ ਦਾ ਬਹੁਤ ਵੱਡਾ ਨਿਊਕਲੀਅਰ ਪਲਾਂਟ ਹੈ, ਤੱਕ ਪਹੁੰਚ ਗਈ। ਰੂਸ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਯੂਕਰੇਨ ਦੀ ਫ਼ੌਜ ਟੈਂਕਾਂ ਤੋਪਖਾਨੇ ਨਾਲ ਲੈਸ ਹੈ ਅਤੇ 1 ਹਜ਼ਾਰ ਦੇ ਕਰੀਬ ਸੈਨਿਕ ਕੁਰਸਕ ਖੇਤਰ ਵਿੱਚ ਦਾਖ਼ਲ ਹੋ ਗਏ ਹਨ।