ਚੰਡੀਗੜ੍ਹ : ਪੰਜਾਬ ਕਾਂਗਰਸ ਦਾ ਕਲੇਸ਼ ਹਾਲੇ ਖ਼ਤਮ ਹੁੰਦਾ ਨਜ਼ਰ ਨਹੀਂ ਆ ਰਿਹਾ। ਕਲ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਨੇ ਐਲਾਨ ਕਰ ਦਿਤਾ ਸੀ ਕਿ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਇਆ ਜਾਵੇਗਾ ਪਰ ਬਾਅਦ ਵਿਚ ਉਹ ਅਪਣੇ ਬਿਆਨ ਤੋਂ ਮੁਕਰਦੇ ਦਿਸੇ। ਕਲ ਰਾਤ ਕੈਪਟਨ ਅਤੇ ਸਿੱਧੂ ਦੇ ਧੜਿਆਂ ਦੀਆਂ ਬੈਠਕਾਂ ਦੇ ਦੌਰ ਵੀ ਚੱਲੇ ਸਨ। ਸੂਤਰਾਂ ਨੇ ਦਸਿਆ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਕੇਂਦਰੀ ਆਗੂਆਂ ਦੇ ਸ਼ਾਂਤੀ ਫ਼ਾਰਮੂਲ ਦੇ ਵਿਰੁਧ ਹਨ ਜਿਸ ਮੁਾਤਬਕ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਇਆ ਜਾਣਾ ਹੈ। ਅੱਜ ਸਿੱਧੂ ਦਿੱਲੀ ਵਿਚ ਸੋਨੀਆ ਗਾਂਧੀ ਨੂੰ ਮਿਲੇ ਪਰ ਸੂਤਰਾਂ ਮੁਤਾਬਕ ਫ਼ਿਲਹਾਲ ਬਿਨਾਂ ਕਿਸੇ ਭਰੋਸੇ ਦੇ ਵਾਪਸ ਅਪਣੇ ਘਰ ਆ ਗਏ ਹਨ। ਸੂਤਰਾਂ ਨੇ ਦਸਿਆ ਕਿ ਪੰਜਾਬ ਕਾਂਗਰਸ ਦੇ ਦੋਵੇਂ ਖ਼ੇਮੇ ਆਪੋ ਅਪਣੇ ਵਿਧਾਇਕਾਂ ਦੀ ਸੂਚੀ ਤਿਆਰ ਕਰ ਰਹੇ ਹਨ। ਕੈਪਟਨ ਨੇ ਅਪਣੇ ਹਮਾਇਤੀ ਵਿਧਾਇਕਾਂ ਨਾਲ ਬੈਠਕਾਂ ਕੀਤੀਆਂ ਜਦਕਿ ਕੈਪਟਨ ਵਿਰੋਧੀ ਖ਼ੇਮੇ ਦੇ ਤਿੰਨ ਕੈਬਨਿਟ ਮੰਤਰੀਆਂ ਸਮੇਤ ਛੇ ਵਿਧਾਇਕਾਂ ਨੇ ਆਪਸ ਵਿਚ ਬੈਠਕ ਕੀਤੀ। ਸੂਤਰਾਂ ਨੇ ਇਹ ਵੀ ਕਿਹਾ ਕਿ ਬਾਗ਼ੀ ਮੰਤਰੀਆਂ ਨੂੰ ਲਗਦਾ ਹੈ ਕਿ ਉਨ੍ਹਾਂ ਨੂੰ ਮੰਤਰੀ ਅਹੁਦੇ ਤੋਂ ਹਟਾ ਦਿਤਾ ਜਾਵੇਗਾ। ਇਹ ਬਾਗ਼ੀ ਵਿਧਾਇਕਾਂ ਨਾਲ ਸਮੂਹਕ ਅਸਤੀਫ਼ੇ ਦੀ ਧਮਕੀ ਦੇ ਰਹੇ ਹਨ। ਕਲ ਕੈਪਟਨ ਦੇ ਅਸਤੀਫ਼ੇ ਦੀ ਵੀ ਖ਼ਬਰ ਉਡੀ ਸੀ ਪਰ ਕੈਪਟਨ ਵਲੋਂ ਇਸ ਦਾ ਜ਼ੋਰਦਾਰ ਖੰਡਨ ਕੀਤਾ ਗਿਆ। ਹਾਲੇ ਕਾਂਗਰਸ ਵਲੋਂ ਕੋਈ ਰਸਮੀ ਐਲਾਨ ਨਹੀਂ ਕੀਤਾ ਗਿਆ ਕਿ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਇਆ ਜਾਵੇਗਾ ਪਰ ਸੂਤਰਾਂ ਮੁਤਾਬਕ ਇਹ ਗੱਲ ਲਗਭਗ ਤੈਅ ਹੈ ਕਿ ਉਹ ਰਾਜ ਦੇ ਪਾਰਟੀ ਮੁਖੀ ਸੁਨੀਲ ਜਾਖੜ ਦੀ ਥਾਂ ਲੈ ਸਕਦੇ ਹਨ। ਫ਼ਿਲਹਾਲ, ਕਈ ਮਹੀਨਿਆਂ ਤੋਂ ਚਲਿਆ ਆ ਰਿਹਾ ਪੰਜਾਬ ਕਾਂਗਰਸ ਦਾ ਕਲੇਸ਼ ਹਾਲੇ ਮੁੱਕਿਆ ਨਹੀਂ।