ਚੰਡੀਗੜ੍ਹ : ਪੰਜਾਬ ਕਾਂਗਰਸ ਕਲੇਸ਼ ਨੂੰ ਖ਼ਤਮ ਕਰਨ ਲਈ ਹਾਈਕਮਾਂਡ ਸਣੇ ਹੋਰ ਕਾਂਗਰਸੀ ਆਗੂਆਂ ਦਾ ਪੂਰਾ ਜੋਰ ਲੱਗਿਆ ਹੋਇਆ ਹੈ ਅਤੇ ਇਸੇ ਤਹਿਤ ਹੁਣ ਇਕ ਫ਼ਾਰਮੂਲਾ ਤਿਆਰ ਕੀਤਾ ਗਿਆ ਹੈ ਜਿਸ ਤਹਿਤ ਪੰਜਾਬ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਵਿਚ ਰਾਜ਼ੀਨਾਵਾਂ ਹੋਣ ਦੀ ਸੰਭਾਵਨਾ ਪੈਦਾ ਹੋ ਗਈ ਹੈ। ਨਵੇਂ ਫ਼ਾਰਮੂਲੇ ਤਹਿਤ ਨਵਜੋਤ ਸਿੱਧੂ ਨੂੰ ਪੰਜਾਬ ਪ੍ਰਧਾਨ ਤਾਂ ਥਾਪਿਆ ਜਾਵੇਗਾ ਨਾਲ ਹੀ ਸਿੱਧੂ ਦੇ ਨਾਲ ਦੋ ਕਾਰਜਕਾਰੀ ਪ੍ਰਧਾਨ ਬਣਾਏ ਜਾਣਗੇ, ਜਿਨ੍ਹਾਂ ਦੇ ਨਾਵਾਂ ਦਾ ਫੈਸਲਾ ਅਮਰਿੰਦਰ ਕਰਨਗੇ। ਇਸ ਤੋਂ ਇਲਾਵਾ ਕੈਪਟਨ ਨੂੰ ਕੈਬਨਿਟ ਵਿਚ ਫੇਰਬਦਲ ਵਿਚ ਵੀ ਖੁੱਲ੍ਹ ਮਿਲੇਗੀ। ਇਥੇ ਇਹ ਵੀ ਦਸ ਦਈਏ ਕਿ ਕਾਂਗਰਸ ਸਿੱਧੂ ਨੂੰ ਇਕ-ਦੋ ਦਿਨਾਂ ਵਿਚ ਸੂਬਾ ਪ੍ਰਧਾਨ ਬਣਾਉਣ ਲਈ ਰਸਮੀ ਐਲਾਨ ਕਰ ਸਕਦੀ ਹੈ। ਇਥੇ ਮੁੱਖ ਮੰਤਰੀ ਕੈਪਟਨ ਨੇ ਕਾਂਗਰਸ ਪੰਜਾਬ ਇੰਚਾਰਜ ਹਰੀਸ਼ ਰਾਵਤ ਸਾਹਮਣੇ ਇਕ ਸ਼ਰਤ ਰੱਖੀ ਹੈ ਕਿ ਉਹ ਸਿੱਧੂ ਨੂੰ ਉਦੋਂ ਹੀ ਮਿਲਣਗੇ ਜੇ ਉਹ ਜਨਤਕ ਤੌਰ ‘ਤੇ ਆਪਣੇ ਪਿਛਲੇ ਬਿਆਨਾਂ ਲਈ ਮੁਆਫੀ ਮੰਗਣ। ਕੈਪਟਨ ਅਮਰਿੰਦਰ ਸਿੰਘ ਨੇ ਇਹ ਇਸ ਲਈ ਕਿਹਾ ਹੈ ਕਿੳਂਕਿ ਸਿੱਧੂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਲੈ ਕੇ ਰੇਤ ਮਾਫੀਆ ਅਤੇ ਬਿਜਲੀ ਸੰਕਟ ਤੱਕ ਦੇ ਕੈਪਟਨ ਸਰਕਾਰ ‘ਤੇ ਗੰਭੀਰ ਦੋਸ਼ ਲਗਾਏ ਸਨ। ਜਾਣਕਾਰੀ ਅਨੁਸਾਰ ਬੀਤੇ ਦਿਨ ਕਾਂਗਰਸ ਕਲੇਸ਼ ਸੁਲਝਾਉਣ ਲਈ ਕਾਂਗਰਸ ਦੇ ਪੰਜਾਬ ਇੰਚਾਰਜ ਹਰੀਸ਼ ਰਾਵਤ ਚੰਡੀਗੜ੍ਹ ਪਹੁੰਚੇ ਸਨ। ਉਨ੍ਹਾਂ ਸਨਿਚਰਵਾਰ ਨੂੰ ਅਮਰਿੰਦਰ ਸਿੰਘ ਨਾਲ ਮੀਟਿੰਗ ਕੀਤੀ। ਇਸ ਤੋਂ ਬਾਅਦ ਕੈਪਟਨ ਨੇ ਕਿਹਾ ਕਿ ਉਹ ਸੋਨੀਆ ਗਾਂਧੀ ਦੇ ਹਰ ਫੈਸਲੇ ਨੂੰ ਸਵੀਕਾਰ ਕਰਨਗੇ। ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਨੇ ਦਿਨ ਵੇਲੇ ਮੰਤਰੀਆਂ ਅਤੇ ਵਿਧਾਇਕਾਂ ਨਾਲ ਵੀ ਮੁਲਾਕਾਤ ਕੀਤੀ। ਸਵੇਰੇ ਉਹ ਪੰਚਕੂਲਾ ਵਿੱਚ ਕਾਂਗਰਸ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੂੰ ਮਿਲੇ।