ਪ੍ਰਤਾਪ ਸਿੰਘ ਬਾਜਵਾ ਨੇ ਸਿੱਧੂ ਵਿਰੋਧੀਆਂ ਨੂੰ ਕੀਤਾ ਇੱਕਠਿਆਂ
ਚੰਡੀਗੜ੍ਹ : ਨਵਜੋਤ ਸਿੰਘ ਸਿੱਧੂ ਲਈ ਪੰਜਾਬ ਕਾਂਗਰਸ ਪ੍ਰਧਾਨ ਬਣਨਾ ਸੌਖਾ ਨਹੀਂ ਲੱਗ ਰਿਹਾ ਕਿਉਂਕਿ ਇਕ ਪਾਸੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀਆਂ ਸ਼ਰਤਾਂ ਰੱਖ ਦਿਤੀਆਂ ਹਨ ਅਤੇ ਦੂਜੇ ਪਾਸੇ ਖ਼ਬਰਾਂ ਆ ਰਹੀਆਂ ਹਨ ਕਿ ਪ੍ਰਤਾਪ ਸਿੰਘ ਬਾਜਵਾ ਨੇ ਵੀ ਸਿੱਧੂ ਵਿਰੋਧੀਆਂ ਨੂੰ ਇਕਠੇ ਕਰਨਾ ਸ਼ੁਰੂ ਕਰ ਦਿਤਾ ਹੈ। ਅਜਿਹੇ ਵਿਚ ਸਿੱਧੂ ਦੀਆਂ ਮੁਸ਼ਕਲਾਂ ਵਿਚ ਵਾਧਾ ਹੋ ਸਕਦਾ ਹੈ।ਸੂਤਰਾਂ ਤੋਂ ਪਤਾ ਲੱਗਾ ਹੈ ਕਿ ਪੰਜਾਬ ਦੇ ਕਾਂਗਰਸੀ ਸੰਸਦ ਮੈਂਬਰ ਅੱਜ ਦਿੱਲੀ ਵਿੱਚ ਇੱਕ ਮੀਟਿੰਗ ਕਰਨਗੇ। ਇਥੇ ਇਹ ਵੀ ਦਸ ਦਈਏ ਕਿ ਇਸ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਨੇ ਸ਼ੁੱਕਰਵਾਰ ਨੂੰ ਕਾਂਗਰਸ ਦੇ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੀ ਸੀ। ਇਸ ਮੁਲਾਕਾਤ ਤੋਂ ਬਾਅਦ ਤੋਂ ਹੀ ਕੈਪਟਨ ਅਮਰਿੰਦਰ ਸਿੰਘ ਦੇ ਖੇਮੇ ਵਿੱਚ ਹਲਚਲ ਜਹੀ ਆ ਗਈ ਸੀ ਜਦੋਂ ਸਾਰਿਆਂ ਨੂੰ ਪਤਾ ਲੱਗਾ ਸੀ ਕਿ ਨਵਜੋਤ ਸਿੱਧੂ ਅਗਲੇ ਪੰਜਾਬ ਪ੍ਰਧਾਨ ਹੋਣਗੇ। ਜੇਕਰ ਇਥੇ ਗਲ ਕਰੀਏ ਮੌਜੂਦਾ ਪੰਜਾਬ ਕਾਂਗਰਸ ਪ੍ਰਧਾਨ ਸੁਨਿਲ ਜਾਖੜ ਦੀ ਤਾਂ ਸਿੱਧੂ ਨੇ ਬੀਤੇ ਕਲ ਹੀ ਉਨ੍ਹਾਂ ਨਾਲ ਖ਼ੁਸ਼ਗਵਾਰ ਬੈਠਕ ਕੀਤੀ ਸੀ ਜਿਸ ਦੀਆਂ ਸੁਰਖੀਆਂ ਸਾਰੇ ਟੀਵੀ ਚੈਨਲਾਂ ਉਪਰ ਵੇਖੀਆਂ ਗਈਆਂ ਸਨ। ਹੁਣ ਹਾਲ ਦੀ ਘੜੀ ਕਾਂਗਰਸ ਆਗੂਆਂ ਦਾ ਇਕ ਧੜਾ ਸਿੱਧੂ ਖਿਲਾਫ ਤਿਆਰੀ ਕਰ ਰਿਹਾ ਹੈ। ਉਹ ਸਿੱਧੂ ਨੂੰ ਕਿਸੇ ਵੀ ਕੀਮਤ ‘ਤੇ ਸੂਬਾ ਪ੍ਰਧਾਨ ਬਣਨ ਤੋਂ ਰੋਕਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਲਈ ਉਹ ਆਪਣੇ ਪੁਰਾਣੇ ਵਿਰੋਧੀ ਪ੍ਰਤਾਪ ਸਿੰਘ ਬਾਜਵਾ ਨੂੰ ਵੀ ਮਿਲੇ ਹਨ। ਬਾਜਵਾ ਪਹਿਲਾਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੁਖੀ ਹੁੰਦੇ ਸਨ। ਬਾਅਦ ਵਿਚ ਉਨ੍ਹਾਂ ਨੂੰ ਹਟਾ ਕੇ ਸੁਨੀਲ ਜਾਖੜ ਨੂੰ ਪੰਜਾਬ ਦੀ ਕਮਾਨ ਸੌਂਪੀ ਗਈ।