ਚੰਡੀਗੜ੍ਹ : ਘੁੰਮਣ-ਫਿਰਨ ਦੇ ਸ਼ੌਕੀਨ ਲੋਕਾਂ ਨੇ ਪ੍ਰਧਾਨ ਮੰਤਰੀ ਦੀ ਸਲਾਹ ਨੂੰ ਵੀ ਨਜ਼ਰਅੰਦਾਜ਼ ਕਰ ਦਿਤਾ ਹੈ। ਪ੍ਰਧਾਨ ਮੰਤਰੀ ਨੇ 13 ਜੁਲਾਈ ਨੂੰ ਉਤਰ ਪੂਰਬੀ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਗੱਲਬਾਤ ਕਰਦਿਆਂ ਪਹਾੜੀ ਸਥਾਨਾਂ ਵਿਚ ਭੀੜ ਇਕੱਠੀ ਹੋਣ ’ਤੇ ਚਿੰਤਾ ਪ੍ਰਗਟਾਈ ਸੀ। ਇਸ ਦੇ ਬਾਅਦ ਵੀ ਦੇਸ਼ ਭਰ ਵਿਚ ਸੈਰ ਸਪਾਟੇ ਨਾਲ ਜੁੜੇ ਸ਼ਹਿਰਾਂ ਵਿਚ ਲੋਕਾਂ ਦੀ ਭੀੜ ਜੁਟ ਰਹੀ ਹੈ। ਖ਼ਾਸ ਤੌਰ ’ਤੇ ਹਿਮਾਚਲ ਪ੍ਰਦੇਸ਼ ਪਹੁੰਚਣ ਵਾਲਿਆਂ ਦੀ ਤਾਦਾਦ ਜ਼ਿਆਦਾ ਹੈ। ਸ਼ਿਮਲਾ ਵਿਚ ਪਿਛਲੇ ਇਕ ਮਹੀਨੇ ਤੋਂ ਹਫ਼ਤੇ ਦੇ ਆਖ਼ਰੀ ਦਿਨਾਂ ਦੌਰਾਨ ਭਾਰੀ ਭੀੜ ਵਿਖਾਈ ਦੇ ਰਹੀ ਹੈ। ਬਿਨਾਂ ਮਤਲਬ ਘੁੰਮਣ ਵਾਲਿਆਂ ਦਾ ਪੁਲਿਸ ਚਾਲਾਨ ਵੀ ਕਟਿਆ ਜਾ ਰਿਹਾ ਹੈ। ਇਕ ਹਫ਼ਤਾ ਪਹਿਲਾਂ ਹਿਮਾਚਲ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ ਨੇ ਬਿਨਾਂ ਮਾਸਕ ਘੁੰਮਣ ਵਾਲਿਆਂ ’ਤੇ ਕਾਰਵਾਈ ਕਰਨ ਦੇ ਨਿਰਦੇਸ਼ ਦਿਤੇ ਸਨ। ਇਸ ਦੇ ਬਾਅਦ ਵੀ ਇਥੇ ਘੁੰਮਣ ਲਈ ਦੂਜੇ ਰਾਜਾਂ ਦੇ ਲੋਕਾਂ ਦੇ ਆਉਣ ਦਾ ਸਿਲਸਿਲਾ ਜਾਰੀ ਹੈ। ਇਸ ਦੇ ਇਲਾਵਾ ਗੁਜਰਾਤ, ਝਾਰਖੰਡ, ਤੇਲੰਗਾਨਾ, ਚੰਡੀਗੜ੍ਹ ਅਤੇ ਪੰਜਾਬ ਦੇ ਵੀ ਕਈ ਸੈਰਸਪਾਟਾ ਸਥਾਨਾਂ ’ਤੇ ਭੀੜ ਵੇਖੀ ਗਈ। ਕੋਵਿਡ ਮਾਮਲਿਆਂ ਨੂੰ ਵੇਖਦਿਆਂ ਸ਼ਿਮਲਾ ਦੇ ਰਿਜ ਅਤੇ ਮਾਲ ਏਰੀਏ ਵਿਚ ਬੈਠਣ ’ਤੇ ਰੋਕ ਲਾ ਦਿਤੀ ਗਈ ਹੈ। ਸਨਿਚਰਵਾਰ ਅਤੇ ਐਤਵਾਰ ਨੂੰ ਸ਼ਿਮਲਾ ਅਤੇ ਹਿਮਾਚਲ ਦੇ ਹੋਰ ਸਥਾਨਾਂ ’ਤੇ ਹਜ਼ਾਰਾਂ ਸੈਲਾਨੀ ਪਹੁੰਚ ਗਏ ਅਤੇ ਨੋਇਡਾ ਵਿਚ ਲੰਮਾ ਜਾਮ ਲੱਗ ਗਿਆ।