ਕੋਲੰਬੋ : ਭਾਰਤ ਸ਼੍ਰੀਲੰਕਾ ਵਨਡੇ ਸੀਰੀਜ਼ ਦਾ ਪਹਿਲਾ ਮੈਚ ਸ਼ਿਖਰ ਧਵਨ ਦੀ ਕਪਤਾਨੀ ਹੇਠ ਹੋਇਆ ਹੈ। ਇਸ ਪਹਿਲੇ ਮੈਚ ਵਿਚ ਟੀਮ ਇੰਡੀਆ ਨੇ ਸੱਤ ਵਿਕਟਾਂ ਨਾਲ ਆਸਾਨ ਜਿੱਤ ਦਰਜ ਕੀਤੀ। ਮੈਚ ਦਾ ਹੀਰੋ ਵਿਕਟ ਕੀਪਰ ਬੱਲੇਬਾਜ਼ ਈਸ਼ਾਨ ਕਿਸ਼ਨ ਨੇ ਆਪਣੇ ਪਹਿਲੇ ਵਨਡੇ ਮੈਚ ਵਿਚ ਪਹਿਲੀ ਹੀ ਗੇਂਦ ਵਿਚ ਇਕ ਛੱਕਾ ਲਗਾਇਆ। ਤੀਜੇ ਨੰਬਰ 'ਤੇ ਬੱਲੇਬਾਜ਼ੀ ਕਰਨ ਆਉਂਦੇ ਹੋਏ ਈਸ਼ਾਨ ਕਿਸ਼ਨ ਨੇ 42 ਗੇਂਦਾਂ 'ਤੇ ਤੇਜ਼ੀ ਨਾਲ 59 ਦੌੜਾਂ ਬਣਾਈਆਂ। ਉਸਨੇ ਆਪਣੀ ਪਾਰੀ ਵਿਚ 8 ਚੌਕੇ ਅਤੇ 2 ਛੱਕੇ ਲਗਾਏ। ਈਸ਼ਾਨ ਕਿਸ਼ਨ ਨੇ ਸ਼੍ਰੀਲੰਕਾ ਦੇ ਗੇਂਦਬਾਜ਼ ਧਨੰਜਿਆ ਡੀ ਸਿਲਵਾ ਦਾ ਛੱਕਾ ਮਾਰ ਕੇ ਵਨਡੇ ਮੈਚ ਦੀ ਸ਼ੁਰੂਆਤ ਕੀਤੀ। ਇਸ ਤਰ੍ਹਾਂ, ਨੌਜਵਾਨ ਕ੍ਰਿਕਟਰ ਨੇ ਵੀ ਆਪਣਾ ਜਨਮਦਿਨ ਵੱਖਰੇ ਢੰਗ ਨਾਲ ਮਨਾਇਆ। ਮੈਚ ਤੋਂ ਬਾਅਦ ਈਸ਼ਾਨ ਕਿਸ਼ਨ ਨੇ ਟਵੀਟ ਕੀਤਾ, “ਮੇਰਾ ਸੁਪਨਾ ਹਕੀਕਤ ਵਿਚ ਬਦਲਿਆ ਹੈ, ਇਸ ਤੋਂ ਵਧੀਆ ਭਾਵਨਾ ਹੋਰ ਕੋਈ ਨਹੀਂ ਹੈ। ਟੀਮ ਇੰਡੀਆ ਦੀ ਨੀਲੀ ਜਰਸੀ ਪਾਉਣਾ ਮਾਣ ਵਾਲੀ ਗੱਲ ਹੈ। ਤੁਹਾਡੀਆਂ ਸ਼ੁੱਭ ਕਾਮਨਾਵਾਂ ਅਤੇ ਸਮਰਥਨ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ। ਮੇਰਾ ਉਦੇਸ਼ ਸਖ਼ਤ ਮਿਹਨਤ ਜਾਰੀ ਰੱਖਣਾ ਹੈ ਤੇ ਦੇਸ਼ ਲਈ ਆਪਣਾ ਸਭ ਕੁਝ ਦੇਣਾ ਹੈ। ਮੈਚ ਤੋਂ ਬਾਅਦ, ਉਸ ਨੇ ਦੱਸਿਆ, ਮੈਂ ਆਪਣੇ ਸਾਥੀ ਖਿਡਾਰੀਆਂ ਨੂੰ ਇਹ ਕਹਿ ਕੇ ਬੱਲੇਬਾਜ਼ੀ ਕਰਨ ਆਇਆ ਸੀ ਕਿ ਗੇਂਦਬਾਜ਼ ਜੋ ਵੀ ਹੈ, ਮੈਂ ਪਹਿਲੀ ਗੇਂਦ 'ਤੇ ਛੱਕਾ ਮਾਰਾਂਗਾ। ਈਸ਼ਾਨ ਦੇ ਅਨੁਸਾਰ, 50 ਓਵਰ ਵਿਕਟ ਕੀਪਿੰਗ ਕਰਨ ਤੋਂ ਬਾਅਦ, ਮੈਂ ਸਮਝ ਗਿਆ ਕਿ ਇਸ ਵਿਕਟ 'ਤੇ ਕਿਸੇ ਗੇਂਦਬਾਜ਼ ਦੀ ਮਦਦ ਨਹੀਂ ਕੀਤੀ ਜਾ ਸਕਦੀ।