ਚੰਡੀਗੜ੍ਹ : ਨਵਜੋਤ ਸਿੱਧੂ ਪੰਜਾਬ ਕਾਂਗਰਸ ਦੇ ਪ੍ਰਧਾਨ ਬਣ ਗਏ ਹਨ ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨੂੰ ਹਾਲੇ ਤਕ ਵਧਾਈ ਨਹੀਂ ਦਿਤੀ। ਦੋਹਾਂ ਆਗੂਆਂ ਦੀ ਮੁਲਾਕਾਤ ਬਾਰੇ ਵੀ ਭੰਬਲਭੂਸੇ ਵਾਲੀ ਸਥਿਤੀ ਬਣੀ ਹੋਈ ਹੈ। ਕੈਪਟਨ ਨੇ ਸਿੱਧੂ ਨੂੰ ਪ੍ਰਧਾਨ ਬਣਾਏ ਜਾਣ ਦਾ ਸਖ਼ਤ ਵਿਰੋਧ ਕੀਤਾ ਸੀ। ਉਨ੍ਹਾਂ ਇਹ ਵੀ ਕਿਹਾ ਸੀ ਕਿ ਸਿੱਧੂ ਪਹਿਲਾਂ ਉਸ ਅਪਣੀਆਂ ਟਿਪਣੀਆਂ ਲਈ ਜਨਤਕ ਮੁਆਫ਼ੀ ਮੰਗੇ, ਉਸ ਤੋਂ ਬਾਅਦ ਹੀ ਉਹ ਸਿੱਧੂ ਨਾਲ ਮੁਲਾਕਾਤ ਕਰਨਗੇ। ਖ਼ਬਰ ਹੈ ਕਿ ਕੈਪਟਨ ਨੇ ਸਿਸਵਾਂ ਫ਼ਾਰਮ ਵਿਖੇ ਅਪਣੇ ਕੁਝ ਕਰੀਬੀਆਂ ਨਾਲ ਬੈਠਕ ਕੀਤੀ ਹੈ ਪਰ ਕੈਪਟਨ ਨੇ ਹਾਲੇ ਤਕ ਕੋਈ ਬਿਆਨ ਨਹੀਂ ਦਿਤਾ। ਸਵੇਰੇ ਖ਼ਬਰ ਆਈ ਸੀ ਕਿ ਕੈਪਟਨ ਨੇ ਸਾਰੇ ਵਿਧਾਇਕਾਂ ਅਤੇ ਮੰਤਰੀਆਂ ਨੂੰ ਪੰਚਕੂਲਾ ਵਿਖੇ ਕਿਸੇ ਹੋਟਲ ਵਿਚ 21 ਜੁਲਾਈ ਨੂੰ ਦੁਪਹਿਰ ਦੇ ਖਾਣੇ ’ਤੇ ਸੱਦਿਆ ਹੈ ਪਰ ਮੁੱਖ ਮੰਤਰੀ ਨੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਇਸ ਖ਼ਬਰ ਦਾ ਖੰਡਨ ਕਰਦਿਆਂ ਕਿਹਾ ਕਿ ਅਜਿਹਾ ਕੋਈ ਪ੍ਰੋਗਰਾਮ ਨਹੀਂ ਤੇ ਨਾ ਹੀ ਕਿਸੇ ਨੂੰ ਸੱਦਾ ਦਿਤਾ ਗਿਆ ਹੈ। ਉਧਰ, ਸਿੱਧੂ ਕਾਂਗਰਸੀ ਆਗੂਆਂ ਨੂੰ ਲਗਾਤਾਰ ਮਿਲ ਰਹੇ ਹਨ। ਅੱਜ ਉਨ੍ਹਾਂ ਚੰਡੀਗੜ੍ਹ ਪਹੁੰਚ ਕੇ ਕਾਂਗਰਸ ਵਿਧਾਇਕ ਕੁਲਜੀਤ ਨਾਗਰਾ ਨਾਲ ਮੁਲਾਕਾਤ ਕੀਤੀ। ਸਿੱਧੂ ਦੇ ਸਾਥੀ ਵਿਧਾਇਕ ਰਾਜਾ ਵੜਿੰਗ ਨੇ ਕਿਹਾ ਕਿ ਉਨ੍ਹਾਂ ਨੇ ਕੈਪਟਨ ਤੋਂ ਮਿਲਣ ਦਾ ਸਮਾਂ ਮੰਗਿਆ ਹੈ। ਜਿਵੇਂ ਹੀ ਸਮਾਂ ਮਿਲੇਗਾ ਤਾਂ ਉਨ੍ਹਾਂ ਨਾਲ ਮੁਲਾਕਾਤ ਹੋ ਜਾਵੇਗੀ। ਅੱਜ ਸਿੱਧੂ ਨੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਅਤੇ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਨਾਲ ਵੀ ਮੁਲਾਕਾਤ ਕੀਤੀ। ਰਜ਼ੀਆ ਸੁਲਤਾਨਾ ਨੇ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ।