ਚੰਡੀਗੜ੍ਹ: ਪੰਜਾਬ ਸਣੇ ਪੂਰੇ ਦੇਸ਼ ਵਿੱਚ ਮਾਨਸੂਨ ਦੀ ਆਮਦ ਤੋਂ ਬਾਅਦ ਲੋਕਾਂ ਨੂੰ ਗਰਮੀ ਤੋਂ ਵੱਡੀ ਰਾਹਤ ਮਿਲੀ ਹੈ। ਪਿਛਲੇ ਕੁਝ ਦਿਨਾਂ ਤੋਂ ਭਿਆਨਕ ਗਰਮੀ ਤੋਂ ਬਾਅਦ ਸੋਮਵਾਰ ਸਵੇਰੇ ਤੋਂ ਪੰਜਾਬ ਅਤੇ ਹਰਿਆਣਾ ਵਿਚ ਮੀਂਹ ਪੈ ਰਿਹਾ ਸੀ। ਹਾਲਾਂਕਿ, ਇਸ ਮੀਂਹ ਕਾਰਨ ਕੁਝ ਨੀਵੇਂ ਇਲਾਕਿਆਂ ਵਿੱਚ ਪਾਣੀ ਭਰਨ ਦੀ ਸਮੱਸਿਆ ਵੀ ਸ਼ੁਰੂ ਹੋ ਗਈ ਹੈ। ਪੰਜਾਬ ਤੇ ਚੰਡੀਗੜ੍ਹ ’ਚ ਹਾਲੇ ਕੁਝ ਰੁਕ ਰੁਕ ਕੇ ਦਰਮਿਆਨੀ ਵਰਖਾ ਹੋ ਰਹੀ ਹੈ ਤੇ ਅਗਲੇ ਦੋ ਦਿਨਾਂ ਤੱਕ ਇਸ ਦੇ ਤੇਜ਼ ਹੋਣ ਦੇ ਆਸਾਰ ਦੱਸੇ ਜਾ ਰਹੇ ਹਨ। ਸਾਉਣੀ ਦੀਆਂ ਫ਼ਸਲਾਂ ਲਈ ਇਹ ਅੰਮ੍ਰਿਤ ਹੈ, ਇਸ ਲਈ ਝੋਨਾ ਉਤਪਾਦਕ ਕਿਸਾਨਾਂ ਦੇ ਚਿਹਰੇ ਵੀ ਖਿੜੇ ਹੋਏ ਹਨ। ਮੌਸਮ ਵਿਭਾਗ ਅਨੁਸਾਰ, ਪੂਰੇ ਉੱਤਰੀ ਭਾਰਤ, ਪੰਜਾਬ, ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼ ਅਤੇ ਉੱਤਰ ਮੱਧ ਪ੍ਰਦੇਸ਼ ਵਿੱਚ 18-21 ਜੁਲਾਈ ਦੇ ਵਿਚਕਾਰ ਭਾਰੀ ਬਾਰਸ਼ ਹੋਣ ਦੀ ਸੰਭਾਵਨਾ ਹੈ। ਦੂਜੇ ਪਾਸੇ ਪੱਛਮੀ ਭਾਰਤ ਵਿੱਚ 23 ਜੁਲਾਈ ਤੱਕ ਭਾਰੀ ਬਾਰਸ਼ ਹੋਣ ਦੀ ਸੰਭਾਵਨਾ ਹੈ। ਪੱਛਮੀ ਹਿਮਾਲਿਆਈ ਖੇਤਰ (ਜੰਮੂ, ਕਸ਼ਮੀਰ, ਲੱਦਾਖ, ਗਿਲਗਿਤ, ਬਾਲਟਿਸਤਾਨ, ਮੁਜ਼ੱਫਰਾਬਾਦ, ਹਿਮਾਚਲ ਪ੍ਰਦੇਸ਼ ਤੇ ਉਤਰਾਖੰਡ) ਵਿੱਚ ਵੀ ਇਸੇ ਤਰ੍ਹਾਂ ਦੇ ਮੌਸਮ ਦੀ ਭਵਿੱਖਬਾਣੀ ਕੀਤੀ ਗਈ ਹੈ। ਉੱਧ ਮੁੰਬਈ ਵਿੱਚ ਭਾਰੀ ਬਾਰਸ਼ ਕਾਰਨ ਹੋਏ ਖਿਸਕਣ ਤੋਂ ਬਾਅਦ ਚੈਂਬੁਰ ਅਤੇ ਵਿਕਰੋਲੀ ਵਿੱਚ ਹੁਣ ਤੱਕ 22 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਕਾਰਣ ਇੱਥੇ ਕੁਝ ਘਰ ਵੀ ਤਬਾਹ ਹੋ ਗਏ। ਇਸ ਤੋਂ ਬਾਅਦ ਇੱਥੋਂ ਦੇ ਲੋਕਾਂ ਨੂੰ ਬਾਰਸ਼ ਤੋਂ ਕੁਝ ਸਮੇਂ ਲਈ ਰਾਹਤ ਮਿਲ ਸਕਦੀ ਹੈ। ਮੌਸਮ ਵਿਭਾਗ ਅਨੁਸਾਰ ਮੁੰਬਈ ਸਮੇਤ ਭਾਰਤ ਦੇ ਪੱਛਮੀ ਤੱਟ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਇਸ ਹਫਤੇ ਭਾਰੀ ਤੋਂ ਬਹੁਤ ਭਾਰੀ ਬਾਰਸ਼ ਜਾਰੀ ਰਹੇਗੀ। ਇਸ ਤੋਂ ਇਲਾਵਾ ਮੌਸਮ ਵਿਭਾਗ ਨੇ ਦੱਖਣੀ ਭਾਰਤ ਵਿਚ ਵੀ ਭਾਰੀ ਬਾਰਸ਼ ਦੀ ਭਵਿੱਖਬਾਣੀ ਵੀ ਕੀਤੀ ਹੈ। ਇੰਝ ਹੁਣ ਸਮੁੱਚੇ ਭਾਰਤ ’ਚ ਹੀ ਵਰਖਾ ਹੋ ਰਹੀ ਹੈ।