ਜਗਰਾਓਂ : 26 ਸਾਲਾ ਸਿਮਰਨਜੀਤ ਕੌਰ ਪੰਜਾਬ ਦੀ ਪਹਿਲੀ ਅਜਿਹੀ ਮਹਿਲਾ ਮੁੱਕੇਬਾਜ਼ ਹੈ, ਜਿਨ੍ਹਾਂ ਨੇ ਓਲੰਪਿਕ ਜਾਣ ਦੀ ਤਿਆਰੀ ਕਰ ਲਈ ਹੈ। ਦਰਅਸਲ 9 ਮਾਰਚ 2021 ਨੂੰ ਸਿਮਰਨਜੀਤ ਕੌਰ ਨੂੰ ਟੋਕੀਓ ਓਲੰਪਿਕ ਦਾ ਟਿਕਟ ਮਿਲਿਆ ਸੀ, ਜਦੋਂ ਉਨ੍ਹ ਨੇ ਏਸ਼ੀਅਨ ਬਾਕਸਿੰਗ ਓਲੰਪਿਕ ਕੁਆਲੀਫਾਈ ਟੂਰਨਾਮੈਂਟ ’ਚ ਜਾਰਡਨ ’ਚ ਫਾਈਨਲ ਮੁਕਾਬਲਾ ਹਾਰਿਆ ਸੀ, ਪਰ ਸਿਲਵਰ ਮੈਡਲ ਆਪਣੇ ਨਾਂ ਕੀਤਾ ਸੀ। ਜਲਦ ਹੀ ਸਿਮਰਨਜੀਤ ਕੌਰ ਤੁਹਾਨੂੰ ਟੋਕੀਓ ਓਲੰਪਿਕ ਦੇ ਰਿੰਗ ’ਚ ਨਜ਼ਰ ਆਵੇਗੀ ਤੇ ਦੇਸ਼ ਲਈ ਤਮਗ਼ਾ ਲਿਆਉਣ ਲਈ ਆਪਣੇ ਵਿਰੋਧੀ ਖਿਡਾਰੀਆਂ ਨਾਲ ਦੋ-ਦੋ ਹੱਥ ਕਰਦੀ ਨਜ਼ਰ ਆਵੇਗੀ। ਸਿਮਰਨਜੀਤ ਕੌਰ ਨੂੰ ਵੂਮੈਨਜ਼ ਕੈਟੇਗਰੀ ਦੇ 60 ਕਿਲੋਗ੍ਰਾਮ ਭਾਰ ਵਰਗ ’ਚ ਬਾਕਸਿੰਗ ’ਚ ਦੋ-ਦੋ ਹੱਥ ਕਰਦੇ ਦੇਖਿਆ ਜਾਵੇਗਾ। ਪੰਜਾਬ ਦੇ ਲੁਧਿਆਣੇ ਜਿ਼ਲੇ ਦੀ ਜਗਰਾਓਂ ਤਹਿਸੀਲ ਦੇ ਪਿੰਡ ਚੱਕਰ ਦੀ ਰਹਿਣ ਵਾਲੀ ਸਿਮਰਨਜੀਤ ਕੌਰ ਦੇ ਪਰਿਵਾਰ ਦਾ ਨਾਤਾ ਖੇਡ ਨਾਲ ਜ਼ਰੂਰ ਰਿਹਾ ਹੈ ਪਰ ਕੋਈ ਵੱਡਾ ਖਿਡਾਰੀ ਅਜੇ ਤਕ ਉਨ੍ਹਾਂ ਦੇ ਪਰਿਵਾਰ ਤੋਂ ਨਹੀਂ ਨਿਕਲਿਆ ਹੈ। ਹਾਲਾਂਕਿ ਉਨ੍ਹਾਂ ਦੇ ਭਰਾ-ਭੈਣ ਬਾਕਸਿੰਗ ਜ਼ਰੂਰ ਕਰਦੇ ਹਨ ਤੇ ਰਾਸ਼ਟਰੀ ਪੱਧਰ ਤਕ ਖੇਡ ਚੁੱਕੇ ਹਨ ਪਰ ਸਭ ਤੋਂ ਅੱਗੇ ਸਿਮਰਨਜੀਤ ਕੌਰ ਹੈ, ਜਿਨ੍ਹਾਂ ਤੋਂ ਸਾਰਿਆਂ ਨੂੰ ਉਮੀਦ ਹੈ। ਸਿਮਰਨਜੀਤ ਕੌਰ ਨੇ ਕਿਹਾ ਸੀ ਕਿ ਉਨ੍ਹਾਂ ਨੇ ਓਲੰਪਿਕ ਲਈ ਖੂਬ ਤਿਆਰੀ ਕੀਤੀ ਹੈ ਤੇ ਵਿਰੋਧੀ ਖਿਡਾਰੀਆਂ ਦੀ ਕਮਜ਼ੋਰੀ ਨੂੰ ਭਾਲਦੇ ਹੋਏ ਖੁਦ ਦੀਆਂ ਕਮਜ਼ੋਰੀਆਂ ਨੂੰ ਵੀ ਦੂਰ ਕਰ ਰਹੀ ਹੈ। ਇਸ ਦਾ ਨਤੀਜਾ ਸਾਨੂੰ ਓਲੰਪਿਕ ਦੇ ਰਿੰਗ ’ਚ ਦੇਖਣ ਨੂੰ ਮਿਲ ਸਕਦਾ ਹੈ। ਸਿਮਰਨਜੀਤ ਕੌਰ ਨੇ 2018 ਏ. ਆਈ. ਬੀ. ਏ. ਵੋਮੈਨਜ਼ ਵਰਲਡ ਬਾਕਸਿੰਗ ਚੈਂਪੀਅਨਸ਼ਿਪ ’ਚ ਤਾਂਬੇ ਦਾ ਮੈਡਲ ਜਿੱਤਿਆ ਹੈ। 64 ਕਿਲੋਗ੍ਰਾਮ ਭਾਰ ਵਰਗ ’ਚ ਸਿਮਰਨਜੀਤ ਕੌਰ ਨੇ ਅਹਿਮਟ ਕਾਮਰਟ ਬਾਕਸਿੰਗ ਟੂਰਨਾਮੈਂਟ ’ਚ ਗੋਲਡ ਮੈਡਲ ਜਿੱਤਿਆ ਹੈ।