ਚੰਡੀਗੜ੍ਹ : ਪੰਜਾਬ ਕਾਂਗਰਸ ਪ੍ਰਧਾਨ ਦਾ ਅਹੁਦੇ ਮਿਲਣ ਮਗਰੋਂ ਨਵਜੋਤ ਸਿੰਘ ਸਿੱਧੂ ਲਗਾਤਾਰ ਕਾਂਗਰਸ ਵਿਧਾਇਕਾਂ ਅਤੇ ਆਗੂਆਂ ਨਾਲ ਮੁਲਾਕਾਤ ਕਰ ਰਹੇ ਹਨ। ਅੱਜ ਅੰਮ੍ਰਿਤਸਰ ਵਿਚ ਸਿੱਧੂ ਨੇ ਇਕ ਤਰ੍ਹਾਂ ਨਾਲ ਸ਼ਕਤੀ ਪ੍ਰਦਰਸ਼ਨ ਕੀਤਾ। ਅੱਜ ਸਵੇਰੇ ਕਾਂਗਰਸ ਦੇ ਕਰੀਬ 62 ਵਿਧਾਇਕ ਸਿੱਧੂ ਦੇ ਅੰਮ੍ਰਿਤਸਰ ਵਾਲੇ ਘਰ ਪਹੁੰਚੇ। ਸਿੱਧੂ ਨੇ ਵਿਧਾਇਕਾਂ ਨੂੰ ਅਪਣੇ ਘਰ ਨਾਸ਼ਤੇ ਲਈ ਬੁਲਾਇਆ ਸੀ। ਸਿੱਧੂ ਦੇ ਘਰ ਇਕੱਠੇ ਹੋਏ ਵਿਧਾਇਕ ਅਤੇ ਮੰਤਰੀਆਂ ਦੀ ਤਸਵੀਰ ਵੀ ਸੋਸ਼ਲ ਮੀਡੀਆ ਵਿਚ ਸਾਹਮਣੇ ਆਈ ਹੈ। ਇਕ ਪਾਸੇ ਮੁੱਖ ਮੰਤਰੀ ਅਮਰਿੰਦਰ ਸਿੰਘ ਹਾਲੇ ਵੀ ਇਸ ਗੱਲ ’ਤੇ ਕਾਇਮ ਹਨ ਕਿ ਸਿੱਧੂ ਉਨ੍ਹਾਂ ਕੋਲੋਂ ਪਹਿਲਾਂ ਮਾਫ਼ੀ ਮੰਗੇ ਤੇ ਦੂਜੇ ਪਾਸੇ ਸਿੱਧੂ ਦੇ ਹਮਾਇਤੀਆਂ ਦਾ ਕਹਿਣਾ ਹੈ ਕਿ ਮਾਫ਼ੀ ਉਹ ਨਹੀਂ ਸਗੋਂ ਮੁੱਖ ਮੰਤਰੀ ਮੰਗਣ ਕਿਉਂਕਿ ਉਨ੍ਹਾਂ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ। ਸਿੱਧੂ ਦੇ ਘਰ ਪੁੱਜੇ ਵਿਧਾਇਕ ਪਰਗਟ ਸਿੰਘ ਨੇ ਕਿਹਾ ਕਿ ਸਿੱਧੂ ਨੂੰ ਮਾਫ਼ੀ ਕਿਉਂ ਮੰਗਣੀ ਚਾਹੀਦੀ ਹੈ? ਇਹ ਕੋਈ ਜਨਤਾ ਦਾ ਮੁੱਦਾ ਨਹੀਂ ਹੈ। ਮੁੱਖ ਮੰਤਰੀ ਨੇ ਕਈ ਮੁੱਦੇ ਨਹੀਂ ਸੁਲਝਾਏ। ਉਹ ਹੀ ਮਾਫ਼ੀ ਮੰਗਣ। ਸਿੱਧੂ ਨੇ ਅੱਜ ਅਪਣੇ ਹਮਾਇਤੀਆਂ ਨਾਲ ਦਰਬਾਰ ਸਾਹਿਬ ਵਿਖੇ ਮੱਥਾ ਵੀ ਟੇਕਿਆ। ਉਹ 23 ਜੁਲਾਈ ਨੂੰ ਬਾਕੀ ਦੇ ਕਾਰਜਕਾਰੀ ਪ੍ਰਧਾਨਾਂ ਨਾਲ ਚੰਡੀਗੜ੍ਹ ਵਿਖੇ ਪੰਜਾਬ ਕਾਂਗਰਸ ਭਵਨ ਵਿਚ ਅਹੁਦਾ ਸੰਭਾਲਣਗੇ। ਸਿੱਧੂ ਨੇ ਅੰਮ੍ਰਿਤਸਰ ਦੌਰੇ ਦੌਰਾਨ ਜਿਥੇ ਸੂਬਾਈ ਯੂਨਿਟ ਦੇ ਕਾਇਆਕਲਪ ਦੀ ਗੱਲ ਕੀਤੀ ਅਤੇ ਨਾਲ ਹੀ ਪੰਜਾਬ ਮਾਡਲ ਬਾਰੇ ਵੀ ਵਿਚਾਰ ਰੱਖੇ। ਇਕ ਕਾਂਗਰਸ ਵਿਧਾਇਕ ਨੇ ਕਿਹਾ, ‘ਪਾਰਟੀ ਦੀ ਜਿੱਤ ਲਈ ਉਸ ਦੇ ਕਾਰਕੁਨਾਂ ਅੰਦਰ ਆਤਮਵਿਸ਼ਵਾਸ ਹੋਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਹਮਲਾਵਰ ਹੋਣਾ ਚਾਹੀਦਾ ਹੈ। ਸਿੱਧੂ ਨੇ ਕਾਰਕੁਨਾਂ ਅੰਦਰ ਜੋਸ਼ ਭਰਿਆ ਹੈ।’