ਚੰਡੀਗੜ੍ਹ : ਪੰਜਾਬ ਪ੍ਰਦੇਸ਼ ਕਾਂਗਰਸ ਦੇ ਨਵੇਂ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅੱਜ ਪੰਜਾਬ ਕਾਂਗਰਸ ਭਵਨ ਵਿਚ ਅਪਣਾ ਅਹੁਦਾ ਸੰਭਾਲ ਲਿਆ। ਇਸ ਦੌਰਾਨ ਮੰਚ ’ਤੇ ਅਪਣੇ ਭਾਸ਼ਨ ਵਿਚ ਸਿੱਧੂ ਨੇ ਕਿਹਾ ਕਿ ਅੱਜ ਪੂਰੇ ਪੰਜਾਬ ਦੇ ਕਾਂਗਰਸ ਕਾਰਕੁਨ ਪ੍ਰਧਾਨ ਬਣ ਗਏ ਹਨ। ਉਨ੍ਹਾਂ ਕਿਹਾ, ‘ਮੈਂ ਕਿਸਾਨਾਂ ਨੂੰ ਮਿਲਣਾ ਚਾਹੁੰਦਾ ਹਾਂ। ਅਸੀਂ ਉਨ੍ਹਾਂ ਦੇ ਮਸਲੇ ਹੱਲ ਕਰਨੇ ਹਨ।’ ਇਸ ਤੋਂ ਪਹਿਲਾਂ ਪੰਜਾਬ ਕਾਂਗਰਸ ਭਵਨ ਵਿਚ ਹੋਈ ਚਾਹ ਪਾਰਟੀ ਵਿਚ ਪਹੁੰਚੇ ਸਿੱਧੂ ਨੇ ਮੁੱਖ ਮੰਤਰੀ ਕੈਪਟਨ ਅਮਰਿੰੰਦਰ ਸਿੰਘ ਦੇ ਪੈਰ ਛੂਹੇ। ਇਸ ਦੇ ਨਾਲ ਹੀ ਪਾਰਟੀ ਵਿਚ ਪਿਛਲੇ ਲਗਭਗ ਢਾਈ ਮਹੀਨਿਆਂ ਤੋਂ ਚੱਲ ਰਿਹਾ ਕਲੇਸ਼ ਲਗਭਗ ਖ਼ਤਮ ਹੋ ਗਿਆ। ਇਸ ਤੋਂ ਰਾਹੁਲ ਗਾਂਧੀ ਵੀ ਗਦਗਦ ਨਜ਼ਰ ਆਏ। ਇਸ ਦੌਰਾਨ ਮੰਚ ਤੋਂ ਕੈਪਟਨ ਅਮਰਿੰਦਰ ਨੇ ਸਿੱਧੂ ਨੂੰ ਨਸੀਹਤ ਵੀ ਦਿਤੀ। ਉਨ੍ਹਾਂ ਕਿਹਾ ਕਿ ਪੰਜਾਬ ਦੀ ਸਿਆਸਤ ਵਿਚ ਅਸੀਂ ਨਾਲੋ-ਨਾਲ ਚੱਲਾਂਗੇ। ਸਿੱਧੂ ਨੂੰ ਸੰਬੋਧਤ ਕਰਦਿਆਂ ਉਨ੍ਹਾਂ ਕਿਹਾ ਕਿ ਤੁਸੀਂ ਵੇਖਣਾ, ਅਗਲੀਆਂ ਚੋਣਾਂ ਵਿਚ ਕੋਈ ਨਹੀਂ ਰਹੇਗਾ। ਜਦੋਂ ਤੁਹਾਡਾ ਜਨਮ ਹੋਇਆ ਤਾਂ ਮੇਰਾ ਕਮਿਸ਼ਨ ਹੋਇਆ ਸੀ। ਇਨ੍ਹਾਂ ਸਾਰੀਆਂ ਗੱਲਾਂ ਨਾਲ ਕੈਪਟਨ ਨੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਕਿ ਸਿੱਧੂ ਜਦ ਪੈਦਾ ਹੋਏ ਤਦ ਤੋਂ ਉਨ੍ਹਾਂ ਦੇ ਪਰਵਾਰ ਨੂੰ ਉਹ ਜਾਣਦੇ ਹਨ। ਮੰਚ ਤੋਂ ਕੈਪਟਨ ਨੇ ਤਿੰਨ ਵਾਰ ਕਿਹਾ ਕਿ ਸੁਣੋ ਸਿੱਧੂ, ਪਰ ਸਿੱਧੂ ਇਸ ਦੌਰਾਨ ਇਧਰ ਉਧਰ ਵੇਖਦੇ ਰਹੇ। ਮੰਚ ਤੋਂ ਸਿੱਧੂ ਨੇ ਜਦ ਕਾਰਕੁਨਾਂ ਨੂੰ ਸੰਬੋਧਤ ਕੀਤਾ ਤਾਂ ਉਨ੍ਹਾਂ ਦੀਆਂ ਗੱਲਾਂ ਵਿਚ ਤਲਖੀ ਦਿਸੀ। ਕੈਪਟਨ ਨੇ ਅਪਣੇ ਭਾਸ਼ਨ ਵਿਚ ਸਿੱਧੂ ਨੂੰ ਕਿਹਾ ਕਿ ਸਾਰਾ ਬਾਰਡਰ ਪਾਕਿਸਤਾਨ ਨਾਲ ਲੱਗਾ ਹੈ ਅਤੇ ਸਾਨੂੰ ਬਹੁਤ ਸਾਵਧਾਨ ਰਹਿਣ ਦੀ ਲੋੜ ਹੈ। ਕਾਂਗਰਸ ਪਾਰਟੀ ਇਕ ਜਮਾਤ ਹੈ ਜੋ ਦੇਸ਼ ਦੀ ਆਜ਼ਾਦੀ ਲਈ ਲੜਦੀ ਰਹੀ ਹੈ। ਅਸੀਂ ਸਾਰਿਆਂ ਨੇ ਅਪਣੀ ਡਿਊਟੀ ਨਿਭਾਉਣੀ ਹੈ। ਉਨ੍ਹਾਂ ਮਨ-ਮੁਟਾਅ ਦੀਆਂ ਅਟਕਲਾਂ ’ਤੇ ਵਿਰਾਮ ਲਾਉਂਦਿਆਂ ਕਿਹਾ ਕਿ ਸੋਨੀਆ ਗਾਂਧੀ ਨੇ ਮੈਨੂੰ ਕਿਹਾ ਕਿ ਨਵਜੋਤ ਪੰਜਾਬ ਦੇ ਪ੍ਰਧਾਨ ਹੋਣਗੇ ਤਾਂ ਮੈਂ ਕਹਿ ਦਿਤਾ ਸੀ ਕਿ ਤੁਹਾਡਾ ਜੋ ਵੀ ਫ਼ੈਸਲਾ ਹੋਵੇਗਾ, ਮਨਜ਼ੂਰ ਹੋਵੇਗਾ। ਸਮਾਗਮ ਵਿਚ ਹਾਈ ਕਮਾਨ ਵਲੋਂ ਹਰੀਸ਼ ਰਾਵਤ ਵੀ ਮੌਜੂਦ ਸਨ ਅਤੇ ਪੰਜਾਬ ਭਰ ਤੋਂ ਭਾਰੀ ਗਿਣਤੀ ਵਿਚ ਕਾਂਗਰਸੀ ਵਰਕਰ ਪੁੱਜੇ ਹੋਏ ਸਨ।