ਚੰਡੀਗੜ੍ਹ: ਪੰਜਾਬ ਕਾਂਗਰਸ ਭਵਨ ਵਿਚ ਨਵਜੋਤ ਸਿੰਘ ਸਿੱਧੂ ਦੇ ਅਹੁਦਾ ਸੰਭਾਲ ਸਮਾਗਮ ਵਿਚ ਭਾਵੇਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸ਼ਾਮਲ ਹੋਏ ਪਰ ਸਿੱਧੂ ਅਤੇ ਕੈਪਟਨ ਵਿਚਾਲੇ ਦੂਰੀਆਂ ਸਾਫ਼ ਨਜ਼ਰ ਆਈਆਂ। ਡੇਢ ਘੰਟੇ ਚੱਲੀ ਸਮਾਗਮ ਵਿਚ ਉਂਜ ਤਾਂ ਕੈਪਟਨ ਅਤੇ ਸਿੱਧੂ ਸਟੇਜ ’ਤੇ ਨਾਲੋ-ਨਾਲ ਬੈਠੇ ਸਨ ਪਰ ਦੋਹਾਂ ਵਿਚਾਲੇ ਕੋਈ ਗੱਲ ਨਾ ਹੋਈ ਅਤੇ ਨਾ ਹੀ ਇਕ ਦੂਜੇ ਨਾਲ ਨਜ਼ਰਾਂ ਮਿਲਾਈਆਂ। ਇਹੋ ਨਹੀਂ, ਕੈਪਟਨ ਨੇ ਤਾਂ ਅਪਣੇ ਭਾਸ਼ਨ ਵਿਚ ਸਿੱਧੂ ਅਤੇ ਉਸ ਦੇ ਪਰਵਾਰ ਦਾ ਜ਼ਿਕਰ ਕੀਤਾ ਪਰ ਸਿੱਧੂ ਨੇ ਅਪਣੇ ਭਾਸ਼ਨ ਵਿਚ ਕੈਪਟਨ ਦਾ ਨਾਮ ਤਕ ਨਹੀਂ ਲਿਆ। ਸਮਾਗਮ ਵਿਚ ਹਰੀਸ਼ ਰਾਵਤ, ਪਾਰਟੀ ਦੇ ਬਹੁਤੇ ਵਿਧਾਇਕ, ਮੰਤਰੀ, ਸਾਬਕਾ ਮੁੱਖ ਮੰਤਰੀ, ਸਾਬਕਾ ਪਾਰਟੀ ਪ੍ਰਧਾਨ ਅਤੇ ਹੋਰ ਆਗੂ ਤੇ ਵਰਕਰ ਮੌਜੂਦ ਸਨ। ਸਾਰੇ ਆਗੂ ਸਟੇਜ ’ਤੇ ਪਹਿਲਾਂ ਹੀ ਬੈਠ ਗਏ ਸਨ ਪਰ ਸਿੱਧੂ 15 ਮਿੰਟ ਦੇਰ ਨਾਲ ਆਏ। ਉਨ੍ਹਾਂ ਸਟੇਜ ’ਤੇ ਚੜ੍ਹਦਿਆਂ ਹੀ ਅਪਣੇ ਅੰਦਾਜ਼ ਵਿਚ ਚੌਕੇ-ਛੱਕੇ ਲਾਉਣ ਦਾ ਐਕਸ਼ਨ ਕੀਤਾ। ਫਿਰ ਪਹਿਲੀ ਕਤਾਰ ਵਿਚ ਬੈਠੇ ਕੁਝ ਆਗੂਆਂ ਨਾਲ ਹੱਥ ਮਿਲਾਏ ਤਾਂ ਕੁਝ ਨੂੰ ਗਲ ਲੱਗ ਮਿਲਦਿਆਂ ਅਪਣੀ ਕੁਰਸੀ ’ਤੇ ਪਹੁੰਚੇ। ਉਸ ਸਮੇਂ ਕੈਪਟਨ ਨੇ ਸਿੱਧੂ ਵਲ ਵੇਖਿਆ ਪਰ ਸਿੱਧੂ ਨੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਅਣਡਿੱਠ ਕੀਤਾ ਅਤੇ ਉਨ੍ਹਾਂ ਨਾਲ ਹੱਥ ਵੀ ਨਾ ਮਿਲਾਇਆ। ਦੁਪਹਿਰੇ ਪੌਣੇ ਬਾਰ੍ਹਾਂ ਵਜੇ ਤੋਂ ਸਵਾ ਇਕ ਵਜੇ ਤਕ ਚੱਲੇ ਤਾਜਪੋਸ਼ੀ ਸਮਾਗਮ ਵਿਚ ਸਿੱਧੂ ਅਪਣੀ ਕੁਰਸੀ ’ਤੇ ਹੀ ਬੈਠੇ ਰਹੇ। ਕੈਪਟਨ ਨੇ ਇਕ ਦੋ ਵਾਰ ਸਿੱਧੂ ਵਲ ਵੇਖਿਆ ਪਰ ਸਿੱਧੂ ਨੇ ਕੋਈ ਧਿਆਨ ਨਾ ਦਿਤਾ। ਸਿੱਧੂ ਨੇ ਸਟੇਜ ’ਤੇ ਬੈਠੀ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਅਤੇ ਸਾਬਕਾ ਪ੍ਰਧਾਨ ਲਾਲ ਸਿੰਘ ਦੇ ਪੈਰ ਛੂਹੇ ਪਰ ਕੈਪਟਨ ਵਲ ਵੇਖਿਆ ਵੀ ਨਹੀਂ। ਭਾਸ਼ਨ ਦੇ ਬਾਅਦ ਉਹ ਸਿੱਧੇ ਅਪਣੀ ਕੁਰਸੀ ’ਤੇ ਚਲੇ ਗਏ। ਸਿੱਧੂ ਨੇ ਇਸ ਤੋਂ ਪਹਿਲਾਂ ਸਵੇਰੇ ਪੰਜਾਬ ਭਵਨ ਵਿਚ ਚਾਹ ਪਾਰਟੀ ਦੌਰਾਨ ਵੀ ਕੈਪਟਨ ਨੂੰ ਅਣਡਿੱਠ ਕੀਤਾ। ਇਕ ਵਾਰ ਕੈਪਟਨ ਨੂੰ ਮਿਲੇ ਬਿਨਾਂ ਚਲੇ ਗਏ ਅਤੇ ਫਿਰ ਰਾਵਤ ਦੇ ਫੋਨ ਕਰਨ ’ਤੇ ਦੁਬਾਰਾ ਭਵਨ ਵਿਚ ਆਏ। ਜਦ ਉਹ ਕੈਪਟਨ ਕੋਲ ਬੈਠੇ ਤਾਂ ਕੈਪਟਨ ਨੇ ਉਨ੍ਹਾਂ ਨੂੰ ਘੜੀ ਵਿਖਾਉਂਦਿਆਂ ਕਿਹਾ ਕਿ ਉਹ ਦੇਰੀ ਨਾਲ ਆਏ ਹਨ। ਉਨ੍ਹਾਂ ਇਕ ਦੋ ਵਾਰ ਸਿੱਧੂ ਨੂੰ ਬੁਲਾਉਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਕੋਈ ਜਵਾਬ ਨਾ ਦਿਤਾ।