ਮੋਹਾਲੀ : ਸਾਬਕਾ ਮੰਤਰੀ ਤੇ ਮੌਜੂਦਾ ਵਿਧਾਇਕ ਸ. ਬਲਬੀਰ ਸਿੰਘ ਸਿੱਧੂ ਨੇ ਅੱਜ ਪਿੰਡ ਮਨੌਲੀ ਤੇ ਸੋਹਾਣਾ ਵਿੱਚ 171 ਬੇਜ਼ਮੀਨੇ ਕਿਸਾਨਾਂ, ਮਜ਼ਦੂਰਾਂ ਤੇ ਦੁਕਾਨਦਾਰਾਂ ਨੂੰ 27 ਲੱਖ 75 ਹਜ਼ਾਰ ਰੁਪਏ ਦੀ ਕਰਜ਼ਾ ਰਾਹਤ ਰਾਸ਼ੀ ਦੇ ਚੈੱਕ ਤਕਸੀਮ ਕੀਤੇ। ਇਸ ਮੌਕੇ ਸੰਬੋਧਨ ਕਰਦਿਆਂ ਸ. ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਵੱਡ ਆਕਾਰੀ ਯੋਜਨਾ ਹਰੇਕ ਤਬਕੇ ਦੇ ਲੋਕਾਂ ਨੂੰ ਰਾਹਤ ਦੇ ਕੇ ਸਮਾਜ ਦੀ ਮੁੱਖ ਧਾਰਾ ਵਿੱਚ ਸ਼ਾਮਲ ਕਰਨ ਦੇ ਮੰਤਵ ਨਾਲ ਸ਼ੁਰੂ ਕੀਤੀ ਗਈ ਸੀ, ਜਿਸ ਤਹਿਤ ਪਹਿਲਾਂ ਕਿਸਾਨਾਂ ਦਾ ਤਕਰੀਬਨ ਪੰਜ ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਮੁਆਫ਼ ਕੀਤਾ ਗਿਆ ਅਤੇ ਹੁਣ ਬੇਜ਼ਮੀਨੇ ਕਿਸਾਨਾਂ, ਮਜ਼ਦੂਰਾਂ ਤੇ ਦੁਕਾਨਦਾਰਾਂ ਨੂੰ ਇਸ ਕਰਜ਼ ਮੁਆਫ਼ੀ ਸਕੀਮ ਦੇ ਘੇਰੇ ਵਿੱਚ ਲਿਆਂਦਾ ਗਿਆ ਹੈ। ਲੋਕਾਂ ਨੂੰ ਇਸ ਕਰਜ਼ ਮੁਆਫ਼ੀ ਸਕੀਮ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਅਜਿਹੀਆਂ ਹੋਰ ਵੀ ਕਈ ਭਲਾਈ ਸਕੀਮਾਂ ਲਿਆਂਦੀਆਂ ਹਨ, ਜਿਨ੍ਹਾਂ ਦਾ ਲਾਭ ਆਮ ਲੋਕਾਂ ਨੂੰ ਦੇਣ ਦੇ ਯਤਨ ਕੀਤੇ ਜਾ ਰਹੇ ਹਨ।
ਸ. ਸਿੱਧੂ ਨੇ ਦੱਸਿਆ ਕਿ ਅੱਜ ਉਨ੍ਹਾਂ ਪਿੰਡ ਮਨੌਲੀ ਤੇ ਚਾਚੋਮਾਜਰਾ ਦੇ 72 ਲਾਭਪਾਤਰੀਆਂ ਨੂੰ ਕੁੱਲ 12 ਲੱਖ 58 ਹਜ਼ਾਰ ਰੁਪਏ ਦੀ ਕਰਜ਼ਾ ਰਾਹਤ ਰਾਸ਼ੀ ਦੇ ਚੈੱਕ ਤਕਸੀਮ ਕੀਤੇ, ਜਦੋਂ ਕਿ ਸੋਹਾਣਾ, ਸੰਭਾਲਕੀ, ਨਾਨੋ ਮਾਜਰਾ, ਮੌਲੀ ਬੈਦਵਾਣ, ਮਟੌਰ, ਮਾਣਕ ਮਾਜਰਾ ਤੇ ਲਖਨੌਰ ਦੇ 99 ਲਾਭਪਾਤਰੀਆਂ ਨੂੰ 15 ਲੱਖ 17 ਹਜ਼ਾਰ ਰੁਪਏ ਦੀ ਕਰਜ਼ਾ ਰਾਹਤ ਰਾਸ਼ੀ ਦੇ ਚੈੱਕ ਵੰਡੇ ਗਏ।
ਇਸ ਮੌਕੇ ਮਾਰਕੀਟ ਕਮੇਟੀ ਖਰੜ ਦੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਸਰਪੰਚ ਜ਼ੋਰਾ ਸਿੰਘ, ਗੁਰਦੀਪ ਸਿੰਘ ਬਾਸੀ ਮੈਂਬਰ ਬਲਾਕ ਸਮਿਤੀ, ਗਿਆਨੀ ਗੁਰਮੇਲ ਸਿੰਘ, ਜਗਤਾਰ ਸਿੰਘ ਘੋਲਾ, ਅਮਰ ਸਿੰਘ ਨੰਬਰਦਾਰ, ਮਾਸਟਰ ਸੁਰਿੰਦਰ ਮੋਹਨ, ਸਤਨਾਮ ਸਿੰਘ ਨੰਬਰਦਾਰ, ਅਸ਼ੋਕ ਕੁਮਾਰ, ਦਰਬਾਰਾ ਸਿੰਘ, ਖੇਤੀਬਾੜੀ ਸਹਿਕਾਰੀ ਸੁਸਾਇਟੀ ਮਨੌਲੀ ਦੇ ਪ੍ਰਧਾਨ ਅਮਰਜੀਤ ਸਿੰਘ, ਸਕੱਤਰ ਹਰਜਸਦੀਪ ਸਿੰਘ, ਖੇਤੀਬਾੜੀ ਸਹਿਕਾਰੀ ਸੁਸਾਇਟੀ ਸੋਹਾਣਾ ਦੇ ਪ੍ਰਧਾਨ ਦਲਵਿੰਦਰ ਸਿੰਘ ਬੈਦਵਾਣ, ਸਕੱਤਰ ਸੁਖਵਿੰਦਰ ਸਿੰਘ, ਸੀਨੀਅਰ ਕਾਂਗਰਸੀ ਆਗੂ ਜੀ. ਐਸ. ਰਿਆੜ, ਸਹਿਕਾਰੀ ਬੈਂਕ ਫ਼ੇਜ਼ 2 ਦੇ ਸੀਨੀਅਰ ਮੈਨੇਜਰ ਤਜਿੰਦਰ ਸਿੰਘ ਅਤੇ ਸੋਹਾਣਾ ਕੋਆਪ੍ਰੇਟਿਵ ਬੈਂਕ ਦੇ ਮੈਨੇਜਰ ਮੁਖਤਿਆਰ ਸਿੰਘ ਹਾਜ਼ਰ ਸਨ।