ਪੀ.ਆਰ.ਟੀ.ਸੀ. ਦੇ ਐਮ.ਡੀ. ਪਰਨੀਤ ਕੌਰ ਸ਼ੇਰਗਿਲ ਵੱਲੋਂ ਸਰਕਾਰੀ ਹਸਪਤਾਲਾਂ 'ਚ ਬੈਡਾਂ ਦੀ ਉਪਲਬੱਧਤਾ ਦੀ ਸਮੀਖਿਆ
ਸਰਕਾਰੀ ਰਜਿੰਦਰਾ ਹਸਪਤਾਲ ਵਿਖੇ ਕੋਵਿਡ ਦੇ ਇਲਾਜ ਲਈ ਐਲ-2 ਅਤੇ ਐਲ-3 ਦੇ ਵਾਧੂ ਖਾਲੀ ਬੈਡ ਉਪਲਬੱਧ-ਪਰਨੀਤ ਸ਼ੇਰਗਿਲ
ਪਟਿਆਲਾ, 14 ਜਨਵਰੀ : ਕੋਵਿਡ-19 ਮਹਾਂਮਾਰੀ ਦੇ ਵਧਦੇ ਕੇਸਾਂ ਦੇ ਮੱਦੇਨਜ਼ਰ ਪਟਿਆਲਾ ਦੇ ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕੋਵਿਡ ਦੇ ਗੰਭੀਰ ਲੱਛਣ ਆਉਣ 'ਤੇ ਜ਼ਿਲ੍ਹੇ ਦੇ ਸਰਕਾਰੀ ਹਸਪਤਾਲਾਂ 'ਚ ਮੁਹੱਈਆ ਕਰਵਾਈਆਂ ਜਾ ਰਹੀਆਂ ਮੁਫ਼ਤ, ਟੈਸਟ, ਇਲਾਜ ਸਮੇਤ ਮੈਡੀਕਲ ਸੇਵਾਵਾਂ ਦਾ ਲਾਭ ਲੈਣ। ਡਿਪਟੀ ਕਮਿਸ਼ਨਰ ਨੇ ਸਰਕਾਰੀ ਹਸਪਤਾਲਾਂ 'ਚ ਬੈਡਾਂ ਦੀ ਉਪਲਧਤਾ ਅਤੇ ਲੋਕਾਂ ਵੱਲੋਂ ਇੱਥ ਦਾਖਲ ਹੋ ਕੇ ਇਲਾਜ ਸਹੂਲਤਾਂ ਲਏ ਜਾਣ ਦੀ ਲਗਾਤਾਰ ਸਮੀਖਿਆ ਕਰਨ ਲਈ ਪੀ.ਆਰ.ਟੀ.ਸੀ. ਦੇ ਐਮ.ਡੀ. ਤੇ ਸੀਨੀਅਰ ਆਈ.ਏ.ਐਸ. ਅਧਿਕਾਰੀ ਸ੍ਰੀਮਤੀ ਪਰਨੀਤ ਸ਼ੇਰਗਿਲ ਨੂੰ ਜਿੰਮੇਵਾਰੀ ਸੌਂਪੀ ਹੈ।
ਸ੍ਰੀਮਤੀ ਪਰਨੀਤ ਸ਼ੇਰਗਿੱਲ ਨੇ ਡਿਪਟੀ ਕਮਿਸ਼ਨਰ ਵੱਲੋਂ ਜਾਰੀ ਹੁਕਮਾਂ ਤਹਿਤ ਜ਼ਿਲ੍ਹੇ ਦੇ ਸਰਕਾਰੀ ਹਸਪਤਾਲਾਂ, ਜਿੱਥੇ ਕਿ ਕੋਵਿਡ-19 ਦੇ ਮਰੀਜਾਂ ਨੂੰ ਦਾਖਲ ਕਰਕੇ ਇਲਾਜ ਕੀਤਾ ਜਾਂਦਾ ਹੈ, 'ਚ ਉਪਲਬੱਧ ਬੈਡਾਂ ਦੀ ਸਮੀਖਿਆ ਲਈ ਸਿਵਲ ਸਰਜਨ ਡਾ. ਪ੍ਰਿੰਸ ਸੋਢੀ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਸਜੀਲਾ ਖ਼ਾਨ ਅਤੇ ਸਰਕਾਰੀ ਰਾਜਿੰਦਰਾ ਹਸਪਤਾਲ ਦੇ ਨੋਡਲ ਅਫ਼ਸਰ ਡਾ. ਐਮ.ਜੇ. ਸਿੰਘ ਨਾਲ ਇੱਕ ਆਨ-ਲਾਈਨ ਮੀਟਿੰਗ ਕੀਤੀ।
ਸਬੰਧਤ ਮੈਡੀਕਲ ਅਧਿਕਾਰੀਆਂ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਰਕਾਰੀ ਹਸਪਤਾਲਾਂ 'ਚ ਬੈਡਾਂ ਦੀ ਵਾਧੂ ਸਹੂਲਤ ਉਪਲਬੱਧ ਹੈ ਅਤੇ ਇੱਥੇ ਕੋਵਿਡ ਦਾ ਇਲਾਜ ਬਿਹਤਰ ਢੰਗ ਨਾਲ ਮੁਫ਼ਤ ਕੀਤਾ ਜਾਂਦਾ ਹੈ, ਜਿਸ ਲਈ ਕੋਵਿਡ ਤੋਂ ਪ੍ਰਭਾਵਤ ਲੋਕ ਵੱਧ ਤੋਂ ਵੱਧ ਸਰਕਾਰੀ ਹਸਪਤਾਲਾਂ 'ਚ ਦਾਖਲ ਹੋਕੇ ਆਪਣਾ ਇਲਾਜ ਕਰਵਾਉਣ ਨੂੰ ਤਰਜੀਹ ਦੇਣ।
ਸ੍ਰੀਮਤੀ ਪਰਨੀਤ ਸ਼ੇਰਗਿੱਲ ਨੇ ਦੱਸਿਆ ਕਿ ਆਮ ਲੋਕ ਸਰਕਾਰੀ ਹਸਪਤਾਲਾਂ 'ਚ ਕੋਵਿਡ ਦੇ ਇਲਾਜ ਲਈ ਬੈਡਾਂ ਦੀ ਊਪਲਬੱਧਤਾ ਕੋਵਾ ਐਪ ਤੋਂ ਵੀ ਦੇਖ ਸਕਦੇ ਹਨ। ਉਨ੍ਹਾਂ ਦੱਸਿਆ ਕਿ ਸਰਕਾਰੀ ਰਾਜਿੰਦਰਾ ਹਸਪਤਾਲ, ਜਿੱਥੇ ਕਿ ਕੋਵਿਡ ਦੀ ਪਹਿਲੀ ਅਤੇ ਦੂਜੀ ਲਹਿਰ ਦੌਰਾਨ ਪੰਜਾਬ ਸਮੇਤ ਬਾਹਰਲੇ ਰਾਜਾਂ ਤੋਂ ਵੀ ਮਰੀਜਾਂ ਨੇ ਆਕੇ ਇਲਾਜ ਕਰਵਾਇਆ ਸੀ, ਵਿਖੇ ਬਿਹਤਰ ਇਲਾਜ ਸਹੂਲਤਾਂ ਸਮੇਤ ਆਕਸੀਜਨ ਦੀ ਨਿਰਵਿਘਨ ਸਪਲਾਈ ਉਪਲਬੱਧ ਹੈ।
ਪੀ.ਆਰ.ਟੀ.ਸੀ. ਦੇ ਐਮ.ਡੀ. ਸ੍ਰੀਮਤੀ ਸ਼ੇਰਗਿੱਲ ਨੇ ਕੋਵਿਡ ਤੋਂ ਪ੍ਰਭਾਵਤ ਹੋਣ ਵਾਲੇ ਲੋਕਾਂ ਨੂੰ ਮੁੜ ਤੋਂ ਅਪੀਲ ਕੀਤੀ ਕਿ ਉਹ ਰਾਜਿੰਦਰਾ ਹਪਸਤਾਲ 'ਚ ਲੈਵਲ-2 ਦੇ 320 ਬੈਡ ਅਤੇ ਲੈਵਲ-3 ਦੇ 280 ਬੈਡ ਸਮਰੱਥਾ ਹੈ, ਜਿਨ੍ਹਾਂ 'ਚੋਂ ਖਾਲੀ ਪਏ ਐਲ-2 ਦੇ 293 ਅਤੇ ਐਲ-3 ਦੇ ਖਾਲੀ 277 ਬੈਡਾਂ ਦਾ ਲਾਭ ਲਿਆ ਜਾ ਸਕਦਾ ਹੈ, ਜਿਥੇ ਕਿ 24 ਘੰਟੇ ਨਿਰੰਤਰ ਐਮਰਜੈਂਸੀ ਸੇਵਾਵਾ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ।